ਕਿਸਾਨ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੇ ਸੰਦਾਂ ਦੀ ਵਰਤੋਂ ਕਰ ਕੇ ਪਰਾਲੀ ਦੀ ਸੁਚੱਝੀ ਵਰਤੋਂ ਕਰਨ – ਐਸ.ਡੀ.ਐਮ
- 35 Views
- kakkar.news
- September 16, 2025
- Punjab
ਐਸ.ਡੀ.ਐਮ ਨੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕੀਤਾ ਜਾਗਰੂਕ
ਕਿਸਾਨ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੇ ਸੰਦਾਂ ਦੀ ਵਰਤੋਂ ਕਰ ਕੇ ਪਰਾਲੀ ਦੀ ਸੁਚੱਝੀ ਵਰਤੋਂ ਕਰਨ – ਐਸ.ਡੀ.ਐਮ
ਫਿਰੋਜ਼ਪੁਰ 16 ਸਤੰਬਰ 2025 (ਸਿਟੀਜ਼ਨਜ਼ ਵੋਇਸ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਐਸ.ਡੀ.ਐਮ ਫਿਰੋਜ਼ਪੁਰ ਸ੍ਰੀ ਅਮਨਦੀਪ ਪੀ.ਸੀ.ਐਸ ਵੱਲੋਂ ਜ਼ਿਲ੍ਹੇ ਦੇ ਪਿੰਡਾਂ ਭਾਵੜਾ ਅਜਮ, ਬੁੱਕਣ ਖਾਂ, ਝੋਕ ਹਰੀਹਰ, ਸੈਦੇ ਕੇ, ਧੀਰਾ ਪੱਤਰਾਂ, ਜਲਾਲ ਵਾਲਾ, ਖਾਈ, ਨਸੀਰਾ ਖਲਚੀ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕੀਤਾ ਗਿਆ।
ਇਸ ਮੌਕੇ ਐਸ.ਡੀ.ਐਮ ਅਮਨਦੀਪ ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੇ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਉੱਥੇ ਮਨੁੱਖਾਂ, ਪਸ਼ੂ ਪੰਛੀਆਂ ਦੀ ਸਿਹਤ ’ਤੇ ਵੀ ਅੱਗ ਲੱਗਣ ਨਾਲ ਪੈਦਾ ਹੋਏ ਧੂੰਏਂ ਦਾ ਬੁਰਾ ਅਸਰ ਪੈਂਦਾ ਹੈ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਹੁੰਦਾ ਹੈ, ਜਿਸ ਨਾਲ ਸਾਹ ਅਤੇ ਕਈ ਹੋਰ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਪੈਦਾ ਹੋਣ ਦਾ ਖਦਸ਼ਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਅਸੀਂ ਸ਼ੁੱਧ ਵਾਤਾਵਰਨ ਵਿੱਚ ਤੰਦਰੁਸਤ ਜੀਵਨ ਵਤੀਤ ਕਰ ਸਕੀਏ।
ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਨੂੰ ਅੱਗ ਲਉਣ ਦੀ ਬਜਾਏ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਿਸ਼ ਕੀਤੇ ਸੰਦਾਂ ਦੀ ਵਰਤੋਂ ਕਰ ਕੇ ਖੇਤਾਂ ਵਿਚ ਹੀ ਇਸ ਦਾ ਨਿਪਟਾਰਾ ਕਰ ਕੇ ਵਾਤਾਵਰਨ ਦੀ ਸੰਭਾਲ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਵੱਖ ਵੱਖ ਅਧਿਕਾਰੀਆਂ/ਕਰਮਚਾਰੀਆਂ ਰਾਹੀਂ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਅੱਗ ਲਾਉਣ ਤੇ ਹੁੰਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਐਸਡੀਐਮ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਵੱਖ ਵੱਖ ਗਤੀਵਿਧੀਆਂ ਲਈ ਪਿੰਡਾਂ ਵਿੱਚ ਨੋਡਲ ਅਫਸਰ ਤੈਨਾਤ ਕੀਤੇ ਗਏ ਹਨ ਪਰ ਅੱਜ ਉਨ੍ਹਾਂ ਦੇ ਦੌਰੇ ਦੌਰਾਨ ਤਿੰਨ ਨੋਡਲ ਅਫਸਰ ਜੋ ਕਿ ਮੌਕੇ ਤੇ ਆਪਣੀ ਡਿਊਟੀ ਤੇ ਨਹੀਂ ਪਾਏ ਗਏ ਜਿਸ ਕਰ ਕੇ ਉਨ੍ਹਾਂ ਨੂੰ ਕਾਰਨ ਦਸੋਂ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਅੰਤ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰਨ।



- October 15, 2025