ਪਿੰਡ ਲੱਖੋ ਕੇ ਬਹਿਰਾਮ ‘ਚ ਨਸ਼ੇ ਕਾਰਨ ਦੋ ਦਿਨਾਂ ‘ਚ 4 ਨੌਜਵਾਨਾਂ ਦੀ ਮੌਤ, ਪੁਲਿਸ ਉੱਤੇ ਉਠੇ ਸਵਾਲ
- 95 Views
- kakkar.news
- October 1, 2025
- Punjab
ਪਿੰਡ ਲੱਖੋ ਕੇ ਬਹਿਰਾਮ ‘ਚ ਨਸ਼ੇ ਕਾਰਨ ਦੋ ਦਿਨਾਂ ‘ਚ 4 ਨੌਜਵਾਨਾਂ ਦੀ ਮੌਤ, ਪੁਲਿਸ ਉੱਤੇ ਉਠੇ ਸਵਾਲ
ਫਿਰੋਜ਼ਪੁਰ, 1 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਉਸ ਵੇਲੇ ਮਿੱਟੀ ਚ ਰੁਲਦੀ ਦਿਖਾਈ ਦਿੱਤੀ ਜਦੋਂ ਫਿਰੋਜ਼ਪੁਰ ਦੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਨਸ਼ੇ ਕਾਰਨ ਚਾਰ ਮੌਤਾਂ ਹੋ ਜਾਣ ਕਾਰਨ ਇਲਾਕੇ ਚ ਮਾਤਮ ਛਾ ਗਿਆ। ਪਿੰਡ ਲੱਖੋ ਕੇ ਬਹਿਰਾਮ ਦੇ ਨਸ਼ੇ ਦੀ ਦਲਦਲ ਵਿੱਚ ਫਸੇ ਹੋਏ ਨੌਜਵਾਨਾਂ ਚੋਂ ਅੱਜ ਤਿੰਨ ਨੌਜਵਾਨਾਂ ਦੀ ਸਵੇਰੇ ਮੌਤ ਹੋ ਗਈ ਅਤੇ ਇਸੇ ਤਰ੍ਹਾਂ ਕੱਲ ਵੀ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਲਗਾਤਾਰ ਦੋ ਦਿਨਾਂ ਵਿੱਚ ਹੋਈਆਂ ਚਾਰ ਨੌਜਵਾਨਾਂ ਦੀਆਂ ਮੌਤਾਂ ਨੇ ਇਲਾਕੇ ਨੂੰ ਦਹਿਲਾ ਕੇ ਰੱਖ ਦਿੱਤਾ ਹੈ।।
ਸਵੇਰੇ ਤਿੰਨ ਨੌਜਵਾਨ — ਰਮਨ ਸਿੰਘ (26), ਮੈਦੂ ਸਿੰਘ ਅਤੇ ਰੱਜਤ ਸਿੰਘ — ਦੀ ਮੌਤ ਹੋਈ, ਜਦਕਿ ਕੱਲ੍ਹ ਸੰਦੀਪ ਸਿੰਘ ਵੀ ਨਸ਼ੇ ਦੀ ਲਤ ਕਾਰਨ ਆਪਣੀ ਜਾਨ ਗੁਆ ਬੈਠਾ। ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਨਸ਼ੇ ਦੀ ਲਤ ਨੇ ਘਰਾਂ ਦੀਆਂ ਚੌਖਟਾਂ ਹੀ ਢਾਹ ਦਿੱਤੀਆਂ ਹਨ। ਰਮਨ ਸਿੰਘ ਦੇ ਪਿਤਾ ਬਚਿੱਤਰ ਸਿੰਘ ਨੇ ਰੋਦਿਆਂ ਕਿਹਾ ਕਿ ਪੁੱਤਰ ਕਈ ਸਾਲਾਂ ਤੋਂ ਆਦੀ ਸੀ ਅਤੇ ਆਖਿਰਕਾਰ ਮੌਤ ਨੇ ਉਸਨੂੰ ਆਪਣੇ ਅੰਗ-ਸੰਗ ਲੈ ਲਿਆ।
ਮੈਦੂ ਸਿੰਘ ਨੇ ਨਸ਼ੇ ਲਈ ਘਰ ਦੇ ਸਮਾਨ ਤੋਂ ਲੈ ਕੇ ਦਰਖ਼ਤ ਤੱਕ ਵੇਚ ਦਿੱਤੇ ਸਨ, ਜਿਸ ਕਰਕੇ ਉਸਦੀ ਪਤਨੀ ਤੇ ਬੱਚੇ ਵੀ ਘਰ ਛੱਡ ਗਏ। ਰੱਜਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਹੋਰ ਸਖ਼ਤ ਕਾਰਵਾਈ ਨਾ ਕਰੇ ਤਾਂ ਹੋਰ ਨੌਜਵਾਨ ਵੀ ਮੌਤ ਦੇ ਮੂੰਹ ‘ਚ ਧੱਕੇ ਜਾ ਸਕਦੇ ਹਨ। ਸੰਦੀਪ ਸਿੰਘ ਦੇ ਭਰਾ ਗੁਰਜੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਅੱਜ ਨਸ਼ਿਆਂ ਦੀ ਹੋਮ ਡਿਲੀਵਰੀ ਤੱਕ ਹੋ ਰਹੀ ਹੈ ਅਤੇ ਪੁਲਿਸ ਇਸਨੂੰ ਰੋਕਣ ਵਿੱਚ ਬੇਬਸ ਨਜ਼ਰ ਆ ਰਹੀ ਹੈ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਨਸ਼ਿਆਂ ਦੀ ਸਪਲਾਈ ‘ਤੇ ਪੂਰੀ ਤਰ੍ਹਾਂ ਲੱਗਾਮ ਲਾਈ ਜਾਵੇ, ਨਹੀਂ ਤਾਂ ਹੋਰ ਪਰਿਵਾਰ ਵੀ ਇਸ ਤਬਾਹੀ ਦਾ ਸ਼ਿਕਾਰ ਬਣਣਗੇ।



- October 15, 2025