ਫਿਰੋਜ਼ਪੁਰ ਵਿੱਚ ਚਾਈਨੀਜ਼ ਡੋਰ ਵੇਚਣ ਵਾਲੇ ਦੋ ਵਿਅਕਤੀ ਕਾਬੂ,
- 170 Views
- kakkar.news
- December 18, 2025
- Punjab
-ਫਿਰੋਜ਼ਪੁਰ ਵਿੱਚ ਚਾਈਨੀਜ਼ ਡੋਰ ਵੇਚਣ ਵਾਲੇ ਦੋ ਵਿਅਕਤੀ ਕਾਬੂ,
-ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਰੇਡ, ਵੱਡੀ ਮਾਤਰਾ ਵਿੱਚ ਚਾਈਨੀਜ਼ ਡੋਰ ਬਰਾਮਦ,
ਫਿਰੋਜ਼ਪੁਰ 18 ਦਸੰਬਰ 2025 (ਅਨੁਜ ਕੱਕੜ ਟੀਨੂੰ )
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਈਨੀਜ਼ ਡੋਰ ਦੀ ਤਿਆਰੀ, ਵਿਕਰੀ, ਖਰੀਦ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਇਸ ਦਾ ਗੈਰਕਾਨੂੰਨੀ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਫਿਰੋਜ਼ਪੁਰ ਵਿੱਚ ਪੁਲਿਸ ਨੇ ਮੁਖ਼ਬਰ ਖਾਸ ਦੀ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਵੱਖ-ਵੱਖ ਥਾਵਾਂ ‘ਤੇ ਰੇਡ ਕਰਕੇ ਚਾਈਨੀਜ਼ ਡੋਰ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਪਹਿਲੀ ਕਾਰਵਾਈ ਦੌਰਾਨ ਪੁਲਿਸ ਪਾਰਟੀ ਗਸ਼ਤ ਦੌਰਾਨ ਚੌਕ ਜੀਰਾ ਗੇਟ, ਫਿਰੋਜ਼ਪੁਰ ਸ਼ਹਿਰ ਨੇੜੇ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਨੇ ਜਾਣਕਾਰੀ ਦਿੱਤੀ ਕਿ ਗਗਨਦੀਪ ਮੋਗਾ ਪੁੱਤਰ ਰੋਸ਼ਨ ਲਾਲ, ਵਾਸੀ ਛੱਤੀ ਗਲੀ, ਨਮਕ ਮੰਡੀ ਫਿਰੋਜ਼ਪੁਰ, ਆਪਣੀ ਸਕੂਟਰੀ ‘ਤੇ ਚਾਈਨੀਜ਼ ਪਲਾਸਟਿਕ ਡੋਰ ਦੇ ਗੱਟੂ ਲੈ ਕੇ ਦਾਣਾ ਮੰਡੀ ਵਿੱਚ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਕੋਲੋਂ ਵੱਡੀ ਮਾਤਰਾ ਵਿੱਚ 83 ਚਰਖੜੀ ਡੋਰਾ ਸਮੇਤ ਉਸਨੂੰ ਕਾਬੂ ਕਰ ਲਿਆ।
ਦੂਜੀ ਕਾਰਵਾਈ ਫਿਰੋਜ਼ਪੁਰ ਕੈਂਟ ਖੇਤਰ ਵਿੱਚ ਰਾਕੇਸ਼ ਪਾਈਲਟ ਚੌਕ ਨੇੜੇ ਕੀਤੀ ਗਈ। ਇੱਥੇ ਪੁਲਿਸ ਨੂੰ ਸੂਚਨਾ ਮਿਲੀ ਕਿ ਅਜੇ ਮਲੋਹਤਰਾ ਪੁੱਤਰ ਅਸ਼ੋਕ ਕੁਮਾਰ, ਵਾਸੀ ਵੋਹਰਾ ਕਲੋਨੀ, ਧੋਬੀ ਘਾਟ ਇਲਾਕੇ ਵਿੱਚ, ਪਲਾਸਟਿਕ ਚਾਈਨੀਜ਼ ਡੋਰ ਨਾਲ ਭਰਿਆ ਗੱਟਾ ਲੈ ਕੇ ਵੇਚਣ ਦੀ ਫਿਰਾਕ ਵਿੱਚ ਖੜਾ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਉਸਨੂੰ ਵੀ ਕਾਬੂ ਕਰ ਲਿਆ। ਗੱਟੇ ਦੀ ਤਲਾਸ਼ੀ ਲਈ ਤਾ ਉਸ ਵਿਚੋਂ 707 ਚਾਈਨੀਜ਼ ਡੋਰ ਦੇ ਗੱਟੂ ਬਰਾਮਦ ਹੋਏ ।
ਦੱਸਣ ਯੋਗ ਗੱਲ ਇਹ ਹੈ ਕਿ ਚਾਈਨੀਜ਼ ਡੋਰ ਜਿਸਨੂੰ ਸੈਂਥੇਟਿਕ ਤਾਗਾ ਵੀ ਕਿਹਾ ਜਾਂਦਾ ਹੈ ਇਹ ਬਹੁਤ ਹੀ ਖ਼ਤਰਨਾਕ ਡੋਰ ਸਾਬਤ ਹੋ ਰਹੀ ਹੈ।ਇਹ ਡੋਰ ਨਾ ਕਿ ਮਾਨਵਤਾ ਸਗੋਂ ਪਸ਼ੂ ਪੰਛੀਆਂ ਲਈ ਵੀ ਜਾਨਲੇਵਾ ਸਾਬਿਤ ਹੋ ਰਹੀ ਹੈ । ਚਾਈਨੀਜ਼ ਡੋਰ ਨਾਲ ਗਲਾਂ ਕੱਟਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਸੜਕਾਂ ‘ਤੇ ਚਲਦੇ ਮੋਟਰਸਾਈਕਲ ਸਵਾਰ ਅਚਾਨਕ ਡੋਰ ਨਾਲ ਟਕਰਾ ਕੇ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।ਜਿਨ੍ਹਾਂ ਵਿੱਚ ਕਈ ਲੋਕ ਗੰਭੀਰ ਜ਼ਖ਼ਮੀ ਅਤੇ ਕੁਝ ਮੌਤ ਦਾ ਸ਼ਿਕਾਰ ਵੀ ਹੋਏ ਹਨ। ਇਹ ਡੋਰ ਪੰਛੀਆਂ ਦੇ ਪੱਖਾਂ ਅਤੇ ਗਲਾਂ ‘ਚ ਫਸ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣਦੀ ਹੈ।
ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚਾਈਨੀਜ਼ ਡੋਰ ਦੀ ਵਰਤੋਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਅਤੇ ਇਸ ਦੇ ਗੈਰਕਾਨੂੰਨੀ ਕਾਰੋਬਾਰ ਦੀ ਸੂਚਨਾ ਤੁਰੰਤ ਨਜ਼ਦੀਕੀ ਪੁਲਿਸ ਚੌਕੀ ਨੂੰ ਦੇਣ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026