ਜ਼ਿਲ੍ਹਾ ਕਚਹਿਰੀਆਂ, ਫਿਰੋਜਪੁਰ ਅਤੇ ਸਬ ਤਹਿਸੀਲਾਂ ਜ਼ੀਰਾ, ਗੁਰੂਹਰਸਹਾਏ ਵਿੱਚ 14 ਮਾਰਚ, 2026 ਨੂੰ ਲੱਗੇਗੀ ਕੌਮੀ ਲੋਕ ਅਦਾਲਤ
- 19 Views
- kakkar.news
- February 27, 2026
- Punjab
ਜ਼ਿਲ੍ਹਾ ਕਚਹਿਰੀਆਂ, ਫਿਰੋਜਪੁਰ ਅਤੇ ਸਬ ਤਹਿਸੀਲਾਂ ਜ਼ੀਰਾ, ਗੁਰੂਹਰਸਹਾਏ ਵਿੱਚ 14 ਮਾਰਚ, 2026 ਨੂੰ ਲੱਗੇਗੀ ਕੌਮੀ ਲੋਕ ਅਦਾਲਤ
ਫਿਰੋਜਪੁਰ 27 ਫਰਵਰੀ, 2026 (ਸਿਟੀਜਨਜ਼ ਵੋਇਸ)
ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਜ਼ਿਲ੍ਹਾ ਕਚਹਿਰੀਆਂ, ਫਿਰੋਜ਼ਪੁਰ ਦੇ ਨਾਲ—ਨਾਲ ਸਬ—ਤਹਿਸੀਲਾਂ ਜ਼ੀਰਾ ਅਤੇ ਗੁਰੂਹਰਸਹਾਏ ਵਿੱਚ ਮਿਤੀ 14 ਮਾਰਚ 2026 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜੱਜ ਸਾਹਿਬ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਪ੍ਰੀ ਲੋਕ ਅਦਾਲਤ ਲਗਾਈ ਜਾ ਰਹੀ ਹੈ ਤਾਂ ਜੋ ਕੌਮੀ ਲੋਕ ਅਦਾਲਤ ਵਿੱਚ ਰੱਖੇ ਗਏ ਕੇਸ ਨੂੰ ਅਲੱਗ—ਅਲੱਗ ਤਾਰੀਕਾਂ ਤੇ ਸੁਣ ਕੇ ਨਿਪਟਾਰਾ ਕੀਤਾ ਜਾ ਸਕੇ। ਜੱਜ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਸ ਲੋਕ ਅਦਾਲਤ ਵਿੱਚ ਸਿਵਲ ਕੇਸ, ਸਿਵਲ ਐਗੀਕਿਊਸ਼ਨ, ਪਰਿਵਾਰਿਕ ਝਗੜੇ, ਬੈਂਕ ਰਿਕਵਰੀ ਕੇਸ, ਅਰਧ ਸਿਵਲ ਕੇਸ ਅਤੇ ਫੁਟਕਲ ਸਿਵਲ ਮਾਮਲੇ ਆਦਿ ਦਾ ਨਿਪਟਾਰਾ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਸੰਗੀਨ ਫੌਜਦਾਰੀ ਕੇਸਾਂ ਨੂੰ ਛੱਡ ਕੇ, ਜਿਵੇਂ ਕਿ ਹਰ ਕਿਸਮ ਦੇ ਦੀਵਾਨੀ ਕੇਸ, ਪ੍ਰੀਵਾਰਿਕ ਝਗੜੇ, ਰੈਵਿਨਿਉ ਕੇਸ, ਚੈੱਕ ਬਾਊਂਸ, ਕਰਿਮਨਲ ਐਗਜਕਿਊਸ਼ਨ ਅਤੇ ਟ੍ਰੈਫਿਕ ਚਲਾਨ ਆਦਿ ਕੇਸਾਂ ਦੀ ਇਸ ਲੋਕ ਅਦਾਲਤ ਵਿੱਚ ਸੁਣਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬੈਂਕ ਲੋਨ ਕੇਸ, ਇਨਸ਼ਿਉਰੈਸ ਰਿਕਵਰੀ ਕੇਸਾਂ ਦੀ ਵੀ ਸੁਣਵਾਈ ਹੋਵੇਗੀ। ਲੋਕ ਅਦਾਲਤਾਂ ਵਿੱਚ ਫੈਸਲਾ ਹੋਏ ਕੇਸਾਂ ਦੀ ਕੋਈ ਅਪੀਲ ਦਲੀਲ ਨਹੀਂ ਹੁੰਦੀ ਹੈ ਲੋਕ ਅਦਾਲਤ ਵਿੱਚ ਹੋਏ ਫੈਸਲੇ ਨੂੰ ਡਿਕਰੀ ਦੀ ਮਾਨਤਾ ਪ੍ਰਾਪਤ ਹੈ, ਇਸਦੇ ਫੈਸਲੇ ਤਸੱਲੀਬਖਸ਼ ਹੁੰਦੇ ਹਨ ਅਤੇ ਧਿਰਾਂ ਨੂੰ ਮੁੱਕਦਮੇ ਬਾਜੀ ਤੋਂ ਮੁਕਤੀ ਮਿਲਦੀ ਹੈ। ਆਮ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਕੇਸ ਇਸ ਕੌਮੀ ਲੋਕ ਅਦਾਲਤ ਵਿੱਚ ਲਗਵਾਓ ਅਤੇ ਆਪਣਾ ਸਮਾਂ ਅਤੇ ਧਨ ਬਚਾਓ ਇਸ ਦੇ ਨਾਲ ਹੀ ਜੱਜ ਸਾਹਿਬ ਨੇ ਕਿਹਾ ਕਿ ਝਗੜੇ ਮੁਕਾਓ ਪਿਆਰ ਵਧਾਓ ਲੋਕ ਅਦਾਲਤਾਂ ਰਾਹੀਂ ਛੇਤੀ ਅਤੇ ਸਸਤਾ ਨਿਆਂ ਪਾਓ ।
