ਹਜਾਰਾ ਸਿੰਘ ਵਾਲਾ ਵਿੱਚ ਖਰਾਬ ਪਾਣੀ ਨਾਲ 30 ਬੱਚੇ ਬਿਮਾਰ, 19 ਸਿਵਲ ਹਸਪਤਾਲ ਵਿੱਚ ਦਾਖਲ
- 31 Views
- kakkar.news
- March 1, 2026
- Health Punjab
ਹਜਾਰਾ ਸਿੰਘ ਵਾਲਾ ਵਿੱਚ ਖਰਾਬ ਪਾਣੀ ਨਾਲ 30 ਬੱਚੇ ਬਿਮਾਰ, 19 ਸਿਵਲ ਹਸਪਤਾਲ ਵਿੱਚ ਦਾਖਲ
ਫਿਰੋਜ਼ਪੁਰ 1 ਮਾਰਚ 2026 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਪਹੁੰਚੇ ਅਤੇ ਪਿੰਡ ਹਜਾਰਾ ਸਿੰਘ ਵਾਲਾ ਵਿੱਚ ਖਰਾਬ ਪਾਣੀ ਕਾਰਨ ਬਿਮਾਰ ਹੋਏ ਬੱਚਿਆਂ ਦਾ ਹਾਲ-ਚਾਲ ਜਾਣਿਆ।
ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਹਜਾਰਾ ਸਿੰਘ ਵਾਲਾ (ਅਬਾਦੀ ਕਰੀਬ 3500) ਵਿੱਚ ਪੀਲੀਆ ਫੈਲਣ ਕਾਰਨ ਕੁਝ ਦਿਨ ਪਹਿਲਾਂ ਇੱਕ ਬੱਚੇ ਦੀ ਮੌਤ ਹੋ ਗਈ ਸੀ, ਜਦਕਿ ਕਈ ਹੋਰ ਬੱਚੇ ਬਿਮਾਰ ਹੋ ਗਏ। ਸਿਹਤ ਵਿਭਾਗ ਵੱਲੋਂ ਪਿੰਡ ਵਿੱਚ ਕਈ ਕੈਂਪ ਲਗਾਏ ਗਏ ਅਤੇ ਵੱਖ-ਵੱਖ ਥਾਵਾਂ ਤੋਂ ਪਾਣੀ ਅਤੇ ਲੋਕਾਂ ਦੇ ਸੈਂਪਲ ਇਕੱਠੇ ਕੀਤੇ ਗਏ। ਜਾਂਚ ਦੌਰਾਨ ਕਰੀਬ 30 ਬੱਚੇ ਬਿਮਾਰ ਪਾਏ ਗਏ, ਜਿਨ੍ਹਾਂ ਵਿੱਚੋਂ 19 ਬੱਚਿਆਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਬੱਚਿਆਂ ਵਿੱਚ ਲੈਪਟੋ ਪਾਇਰੋਸਿਸ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ’ਤੇ ਤੈਨਾਤ ਹਨ ਅਤੇ ਸਥਿਤੀ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਐਸ.ਡੀ.ਐਮ. ਅਤੇ ਸਿਵਲ ਸਰਜਨ ਨਾਲ ਗੱਲਬਾਤ ਕਰਕੇ ਬੱਚਿਆਂ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਵੱਲ ਗੰਭੀਰ ਧਿਆਨ ਦੇਣਾ ਚਾਹੀਦਾ ਸੀ ਅਤੇ ਜਿਨ੍ਹਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਕਾਂਗਰਸੀ ਨੇਤਾ ਆਸ਼ੂ ਬੰਗੜ੍ਹ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਹਸਪਤਾਲ ਵਿੱਚ ਦਾਖਲ ਬੱਚਿਆਂ ਦੇ ਹਾਲ-ਚਾਲ ਪੁੱਛੇ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ।
ਐਸ.ਡੀ.ਐਮ. ਫਿਰੋਜ਼ਪੁਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਹਾਲਾਤਾਂ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ 19 ਬੱਚੇ ਇਸ ਵੇਲੇ ਸਿਵਲ ਹਸਪਤਾਲ ਵਿੱਚ ਦਾਖਲ ਹਨ ਅਤੇ ਡਾਕਟਰੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
