ਫਿਰੋਜ਼ਪੁਰ ਵਿੱਚ ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ ਵਿਚ 2 ਕਾਬੂ ਮਾਮਲਾ ਦਰਜ
- 19 Views
- kakkar.news
- May 8, 2026
- Crime Punjab
ਫਿਰੋਜ਼ਪੁਰ ਵਿੱਚ ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ ਵਿਚ 2 ਕਾਬੂ ਮਾਮਲਾ ਦਰਜ
ਫਿਰੋਜ਼ਪੁਰ 08 ਮਈ 2026 (ਅਨੁਜ ਕੱਕੜ ਟੀਨੂੰ)
ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਫਿਰੋਜ਼ਪੁਰ ਨੇ ਗੈਰ ਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਖਿਲਾਫ ਵੱਡੀ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ ਆਰੋਪੀ ਨੂੰ ਕਾਬੂ ਕਰਕੇ ਵਿਦੇਸ਼ੀ ਪਿਸਟਲਾਂ, ਹੈਰੋਇਨ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਸ੍ਰੀ ਗੁਰਸੇਵਕ ਸਿੰਘ ਬਰਾੜ, ਪੀ.ਪੀ.ਐਸ., ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਇੰਸਪੈਕਟਰ ਬਲਦੇਵ ਸਿੰਘ ਪਤਲੀ ਦੀ ਅਗਵਾਈ ਹੇਠ ਇਹ ਕਾਰਵਾਈ ਕੀਤੀ ਗਈ।
ਮਿਤੀ 7 ਮਈ 2026 ਨੂੰ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਟੀਮ ਨੂੰ ਮੁਖਬਰੀ ਮਿਲੀ ਕਿ ਕੁਝ ਵਿਅਕਤੀ ਗਿਰੋਹ ਬਣਾ ਕੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਪਿੰਡ ਸੂਬਾ ਜਦੀਦ ਨੇੜੇ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਜਗਦੀਸ਼ ਸਿੰਘ ਉਰਫ਼ ਦੀਸ਼ਾ ਅਤੇ ਸਾਜਨ ਕੁਮਾਰ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਆਰੋਪੀ ਕੋਲੋਂ 6 ਪਿਸਟਲ .30 ਬੋਰ (ਵਿਦੇਸ਼ੀ) ਸਮੇਤ ਮੈਗਜ਼ੀਨ ਅਤੇ ਇੱਕ ਓਪੋ ਮੋਬਾਈਲ ਫੋਨ ਬਰਾਮਦ ਕੀਤਾ ਗਿਆ।
ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ 25/54/59 ਤਹਿਤ ਮੁਕੱਦਮਾ ਨੰਬਰ 169 ਮਿਤੀ 07/05/2026 ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿੱਚ ਸੋਨੂੰ ਸਿੰਘ ਨਾਮਕ ਇੱਕ ਹੋਰ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
ਇੱਕ ਹੋਰ ਕਾਰਵਾਈ ਦੌਰਾਨ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ 27 ਮਾਰਚ 2026 ਨੂੰ ਨਿਸ਼ਾਨ ਸਿੰਘ ਨਾਮਕ ਦੋਸ਼ੀ ਨੂੰ ਕਾਬੂ ਕਰਕੇ ਇਸਦੇ ਕਬਜ਼ੇ ਵਿਚੋਂ 101 ਗ੍ਰਾਮ ਹੈਰੋਇਨ, ਇੱਕ ਵਿਦੇਸ਼ੀ .30 ਬੋਰ ਪਿਸਟਲ ਸਮੇਤ ਮੈਗਜ਼ੀਨ ਅਤੇ ਇੱਕ ਓਪੋ ਮੋਬਾਈਲ ਫੋਨ ਬਰਾਮਦ ਕੀਤਾ।
ਪੁਲਿਸ ਅਨੁਸਾਰ ਦੋਸ਼ੀ ਪਹਿਲਾਂ ਵੀ ਫਿਰੋਜ਼ਪੁਰ ਸ਼ਹਿਰ ਵਿੱਚ ਹੋਈ ਗੈਂਗਵਾਰ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਨਾਮਜ਼ਦ ਸੀ ਅਤੇ ਫਰਾਰ ਚੱਲ ਰਿਹਾ ਸੀ।
ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿੱਚ ਐਨ.ਡੀ.ਪੀ.ਐਸ ਐਕਟ ਅਤੇ ਅਸਲਾ ਐਕਟ ਤਹਿਤ ਮੁਕੱਦਮਾ ਨੰਬਰ 105 ਮਿਤੀ 27/03/2026 ਦਰਜ ਕੀਤਾ ਗਿਆ ਹੈ।
ਦੋਵੇਂ ਮਾਮਲਿਆਂ ਵਿੱਚ ਗ੍ਰਿਫਤਾਰ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਵੱਲੋਂ ਆਰੋਪੀ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
