ਫਿਰੋਜ਼ਪੁਰ ਪ੍ਰੈਸ ਕਲੱਬ ਦੀ ਚੋਣ ਵਿੱਚ ਗੌਰਵ ਮਾਨਕ ਬਣੇ ਨਵੇਂ ਪ੍ਰਧਾਨ
- 7 Views
- kakkar.news
- May 9, 2026
- Punjab
ਫਿਰੋਜ਼ਪੁਰ ਪ੍ਰੈਸ ਕਲੱਬ ਦੀ ਚੋਣ ਵਿੱਚ ਗੌਰਵ ਮਾਨਕ ਬਣੇ ਨਵੇਂ ਪ੍ਰਧਾਨ
ਫਿਰੋਜ਼ਪੁਰ 9 ਮਈ 2026 ( ਅਨੁਜ ਕੱਕੜ ਟੀਨੂੰ)
ਪ੍ਰੈਸ ਕਲੱਬ ਫਿਰੋਜ਼ਪੁਰ ਦੀਆਂ 2026-27 ਲਈ ਹੋਈਆਂ ਚੋਣਾਂ ਵਿੱਚ ਡੇਲੀ ਪੋਸਟ ਨਿਊਜ਼ ਚੈਨਲ ਨਾਲ ਸੰਬੰਧਿਤ ਪ੍ਰਸਿੱਧ ਟੀਵੀ ਪੱਤਰਕਾਰ ਗੌਰਵ ਮਾਨਕ ਨੂੰ ਨਵਾਂ ਪ੍ਰਧਾਨ ਚੁਣਿਆ ਗਿਆ। ਉਨ੍ਹਾਂ ਨੇ ਆਪਣੇ ਹਰੀਫ ਬੋਬੀ ਖੁਰਾਨਾ ਨੂੰ ਕੇਵਲ ਇੱਕ ਵੋਟ ਦੇ ਫਰਕ ਨਾਲ ਹਰਾਕੇ ਇਸ ਅਹੁਦੇ ‘ਤੇ ਕਬਜ਼ਾ ਜਮਾਇਆ।
ਪ੍ਰੈਸ ਕਲੱਬ ਫਿਰੋਜ਼ਪੁਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਧਾਨ ਦੀ ਚੋਣ ਲਈ ਮੀਟਿੰਗ ਕਰਵਾਈ ਗਈ। ਚੋਣ ਪ੍ਰਕਿਰਿਆ ਦੌਰਾਨ ਕੁੱਲ 43 ਮੈਂਬਰਾਂ ਨੇ ਵੋਟਿੰਗ ਵਿੱਚ ਸਿੱਧੇ ਤੌਰ ‘ਤੇ ਹਿੱਸਾ ਲਿਆ, ਜਦਕਿ ਚਾਰ ਮੈਂਬਰਾਂ ਨੇ ਪਾਵਰ ਅਟਾਰਨੀ ਰਾਹੀਂ ਆਪਣੀ ਵੋਟ ਪਾਈ। ਪ੍ਰਧਾਨਗੀ ਲਈ ਦੋ ਉਮੀਦਵਾਰ ਗੌਰਵ ਮਾਨਕ ਅਤੇ ਬੋਬੀ ਖੁਰਾਨਾ ਮੈਦਾਨ ਵਿੱਚ ਸਨ। ਵੋਟਿੰਗ ਦੌਰਾਨ ਬਹੁਤ ਹੀ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ। ਕੁੱਲ 47 ਵੋਟਾਂ ਵਿੱਚੋਂ 23 ਵੋਟਾਂ ਬੋਬੀ ਖੁਰਾਨਾ ਦੇ ਹੱਕ ਵਿੱਚ ਪਈਆਂ, ਜਦਕਿ ਇੱਕ ਵੋਟ ਵੱਧ ਮਿਲਣ ਨਾਲ ਗੌਰਵ ਮਾਨਕ ਜੇਤੂ ਐਲਾਨੇ ਗਏ।
ਇਸ ਮੌਕੇ ‘ਤੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਮੌਂਟੀ ਨੇ ਗੌਰਵ ਮਾਨਕ ਨੂੰ ਨਵੇਂ ਪ੍ਰਧਾਨ ਬਣਨ ‘ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੈਸ ਕਲੱਬ ਵਿੱਚ ਹਰ ਸਾਲ ਲੋਕਤੰਤਰਿਕ ਢੰਗ ਨਾਲ ਚੋਣਾਂ ਕਰਵਾਈਆਂ ਜਾਂਦੀਆਂ ਹਨ। ਮੌਂਟੀ ਨੇ ਆਪਣੇ ਕਾਰਜਕਾਲ ਦੌਰਾਨ ਹੋਈ ਕਿਸੇ ਵੀ ਗਲਤੀ ਲਈ ਮਾਫ਼ੀ ਮੰਗਦਿਆਂ ਕਲੱਬ ਦੇ ਮੈਂਬਰਾਂ ਅਤੇ ਕਾਰਜਕਾਰਨੀ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਜਿੱਤ ਮਗਰੋਂ ਗੌਰਵ ਮਾਨਕ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰੈਸ ਕਲੱਬ ਫਿਰੋਜ਼ਪੁਰ ਦੀ ਪ੍ਰਧਾਨਗੀ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਹਰ ਮੈਂਬਰ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਕਲੱਬ ਦੇ ਹਿੱਤਾਂ ਅਤੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਨਵੀਂ ਟੀਮ ਨਾਲ ਮਿਲ ਕੇ ਕਲੱਬ ਦੀਆਂ ਸਰਗਰਮੀਆਂ ਨੂੰ ਹੋਰ ਉਚਾਈਆਂ ਤੱਕ ਲਿਜਾਇਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਕਲੱਬ ਵਿੱਚ ਨਵੇਂ ਵਿਚਾਰਾਂ ਅਤੇ ਸੁਝਾਵਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਇਹ ਇੱਕ ਮਜ਼ਬੂਤ ਅਤੇ ਸਾਰਥਕ ਪਲੇਟਫਾਰਮ ਵਜੋਂ ਵਿਕਸਿਤ ਹੋ ਸਕੇ।
ਇਸ ਮੌਕੇ ‘ਤੇ ਸਿਟੀਜਨ ਵਾਈਸ ਫਿਰੋਜ਼ਪੁਰ ਵੱਲੋਂ ਵੀ ਨਵੇਂ ਚੁਣੇ ਗਏ ਪ੍ਰਧਾਨ ਗੌਰਵ ਮਾਨਕ ਨੂੰ ਮੁਬਾਰਕਬਾਦ ਦਿੱਤੀ ਗਈ।
