ਮਖੂ ਵਿੱਚ ਕਰਿਆਨਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ, ਬਾਜ਼ਾਰ ਬੰਦ
- 12 Views
- kakkar.news
- June 2, 2026
- Crime Punjab
ਮਖੂ ਵਿੱਚ ਕਰਿਆਨਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ, ਬਾਜ਼ਾਰ ਬੰਦ
ਮਖੂ /ਫਿਰੋਜ਼ਪੁਰ 2 ਜੂਨ 2026 (ਅਨੁਜ ਕੱਕੜ ਟੀਨੂੰ)
ਕਸਬਾ ਮਖੂ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਹਿਸ਼ਤ ਭਰੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੋ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਕਰਿਆਨਾ ਵਪਾਰੀ ਦਾ ਉਸ ਦੀ ਦੁਕਾਨ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਚਰਨ ਗਾਬਾ ਉਰਫ਼ ਕਾਲਾ ਗਾਬਾ ਆਪਣੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਬਾਈਕ ਸਵਾਰ ਨੌਜਵਾਨ ਦੁਕਾਨ ‘ਤੇ ਪਹੁੰਚੇ ਅਤੇ ਉੱਥੇ ਮੌਜੂਦ ਕਰਮਚਾਰੀ ਤੋਂ ਕਾਲਾ ਗਾਬਾ ਬਾਰੇ ਪੁੱਛਗਿੱਛ ਕੀਤੀ। ਕਰੀਬ 20 ਮਿੰਟ ਬਾਅਦ ਜਦੋਂ ਗੁਰਚਰਨ ਗਾਬਾ ਦੁਕਾਨ ‘ਤੇ ਪਹੁੰਚਿਆ ਅਤੇ ਕੁਰਸੀ ‘ਤੇ ਬੈਠਿਆ ਤਾਂ ਇੱਕ ਹਮਲਾਵਰ ਨੇ ਪਿਸਤੌਲ ਕੱਢ ਕੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ।
ਮਿਲੀ ਜਾਣਕਾਰੀ ਮੁਤਾਬਕ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਗੁਰਚਰਨ ਗਾਬਾ ਦੇ ਪੇਟ ਵਿੱਚ ਲੱਗੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਗੰਭੀਰ ਰੂਪ ਵਿੱਚ ਜ਼ਖ਼ਮੀ ਗੁਰਚਰਨ ਗਾਬਾ ਨੂੰ ਤੁਰੰਤ ਇਲਾਜ ਲਈ ਜੀਰਾ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਗੁੱਸੇ ਵਿੱਚ ਆਏ ਬਾਜ਼ਾਰ ਦੇ ਦੁਕਾਨਦਾਰਾਂ ਨੇ ਰੋਸ ਵਜੋਂ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਉੱਥੇ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਦੁਕਾਨ ਦੇ ਨਾਲ ਲੱਗੇ ਸੀਸੀਟੀਵੀ ਕੈਮਰੇ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਸਨ, ਜਿਸ ਕਾਰਨ ਵਾਰਦਾਤ ਦੀ ਕੋਈ ਵੀ ਵੀਡੀਓ ਸਾਹਮਣੇ ਨਹੀਂ ਆ ਸਕੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ।
