ਜੰਗਾਂ ਵਾਲੇ ਮੋੜ ਨੇੜੇ ਵਾਪਰੇ ਸੜਕੀ ਹਾਦਸੇ ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 9 ਹੋਈ; 23 ਜ਼ਖ਼ਮੀ”
- 37 Views
- kakkar.news
- June 6, 2026
- Punjab
ਜੰਗਾਂ ਵਾਲੇ ਮੋੜ ਨੇੜੇ ਵਾਪਰੇ ਸੜਕੀ ਹਾਦਸੇ ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 9 ਹੋਈ; 23 ਜ਼ਖ਼ਮੀ”
ਫਿਰੋਜ਼ਪੁਰ 6 ਜੂਨ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਜੰਗਾਂ ਵਾਲੇ ਮੋੜ ਨੇੜੇ ਅੱਜ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਸਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ। ਪਹਿਲਾਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਜ਼ਖ਼ਮੀਆਂ ਦੀ ਗਿਣਤੀ ਵੱਧ ਸੀ, ਪਰ ਹੁਣ ਪ੍ਰਸ਼ਾਸਨ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਇਸ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਰੀਬ 23 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਕਈ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਫਰੀਦਕੋਟ ਰੈਫਰ ਕੀਤਾ ਗਿਆ
ਜਾਣਕਾਰੀ ਅਨੁਸਾਰ ਜਲਾਲਾਬਾਦ ਤੋਂ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਸਮੇਤ ਮਹਿੰਦਰਾ ਪਿਕਅੱਪ ਵਿੱਚ ਸਵਾਰ ਹੋ ਕੇ ਇੱਕ ਬਜ਼ੁਰਗ ਮਹਿਲਾ ਦੇ ਫੁੱਲ ਤਾਰਨ ਲਈ ਜਾ ਰਿਹਾ ਸੀ। ਗੱਡੀ ਵਿੱਚ ਬੱਚੇ, ਮਹਿਲਾਵਾਂ, ਬਜ਼ੁਰਗ ਅਤੇ ਹੋਰ ਪਰਿਵਾਰਕ ਮੈਂਬਰ ਸਵਾਰ ਸਨ।
ਜਦੋਂ ਇਹ ਗੱਡੀ ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਪਿੰਡ ਹੁਸੈਨਸ਼ਾਹ ਵਾਲਾ ਨੇੜੇ ਜੰਗਾਂ ਵਾਲੇ ਮੋੜ ਕੋਲ ਪਹੁੰਚੀ ਤਾਂ ਇਸ ਦੀ ਇੱਕ ਘੋੜਾ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੌਕੇ ‘ਤੇ ਹੀ ਚੀਕ-ਚਿਹਾਰਾ ਮਚ ਗਿਆ ਅਤੇ ਹਰ ਪਾਸੇ ਹਾਹਾਕਾਰ ਦਾ ਮਾਹੌਲ ਬਣ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਮੌਕੇ ‘ਤੇ ਮੌਜੂਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਇੱਕ ਹੀ ਪਰਿਵਾਰ ਦੇ ਕਈ ਮੈਂਬਰਾਂ ਦੀ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਐਸਪੀ (ਡੀ) ਮੰਜੀਤ ਸਿੰਘ ਅਤੇ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 9 ਲੋਕਾਂ ਦੀ ਮੌਤ ਹੋਈ ਹੈ, ਜਦਕਿ ਕਰੀਬ 23 ਲੋਕ ਜ਼ਖ਼ਮੀ ਹਨ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
