ਮਖੂ ਦੇ ਬਹੁਚਰਚਿਤ ਗੁਰਚਰਨ ਸਿੰਘ ਗਾਬਾ ਕਤਲ ਕਾਂਡ ਵਿੱਚ ਨਵਾਂ ਮੋੜ
- 44 Views
- kakkar.news
- June 8, 2026
- Crime Punjab
ਮਖੂ ਦੇ ਬਹੁਚਰਚਿਤ ਗੁਰਚਰਨ ਸਿੰਘ ਗਾਬਾ ਕਤਲ ਕਾਂਡ ਵਿੱਚ ਨਵਾਂ ਮੋੜ
ਪੁਲਿਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲਾ ਮੁਲਜ਼ਮ ਜਵਾਬੀ ਫਾਇਰਿੰਗ ਵਿੱਚ ਜ਼ਖ਼ਮੀ, ਮੁੜ ਕਾਬੂ
ਫਿਰੋਜ਼ਪੁਰ, 8 ਜੂਨ 2026 (ਅਨੁਜ ਕੱਕੜ ਟੀਨੂੰ)
ਕਸਬਾ ਮਖੂ ਦੇ ਬਹੁਚਰਚਿਤ ਗੁਰਚਰਨ ਸਿੰਘ ਗਾਬਾ ਕਤਲ ਕਾਂਡ ਦੀ ਜਾਂਚ ਦੌਰਾਨ ਐਤਵਾਰ ਨੂੰ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਿਸ ਹਿਰਾਸਤ ਵਿੱਚ ਮੌਜੂਦ ਇੱਕ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਜ਼ਖ਼ਮੀ ਹੋ ਗਿਆ, ਜਿਸ ਨੂੰ ਮੌਕੇ ‘ਤੇ ਹੀ ਮੁੜ ਕਾਬੂ ਕਰ ਲਿਆ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਭੂਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਟੀਮ ਮੁਲਜ਼ਮਾਂ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਨਾਲ ਲੈ ਕੇ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੁਲਜ਼ਮਾਂ ਨੇ ਇਲਾਕੇ ਦੀ ਰੇਕੀ ਕੀਤੀ ਸੀ ਅਤੇ ਵਰਤੇ ਗਏ ਹਥਿਆਰ ਇੱਕ ਥਾਂ ‘ਤੇ ਲੁਕਾ ਕੇ ਰੱਖੇ ਹੋਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ, ਗਾਬਾ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਸ਼ਨੂੰ ਠਾਕੁਰ ਨੂੰ ਪੁੱਛਗਿੱਛ ਤੋਂ ਬਾਅਦ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਇਆ ਗਿਆ ਸੀ। ਇਸ ਦੌਰਾਨ ਉਸ ਨੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ਲਈ ਖਤਰਾ ਪੈਦਾ ਕਰਦਿਆਂ ਗੋਲੀਬਾਰੀ ਕਰ ਦਿੱਤੀ।
ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਕਾਬੂ ਕਰਕੇ ਇਲਾਜ ਲਈ ਹਸਪਤਾਲ ਭੇਜਿਆ ਗਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।
ਗੌਰਤਲਬ ਹੈ ਕਿ ਬੀਤੇ ਦਿਨੀਂ ਮਖੂ ਦੇ ਪ੍ਰਸਿੱਧ ਕਾਰੋਬਾਰੀ ਗੁਰਚਰਨ ਸਿੰਘ ਗਾਬਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਫਿਰੋਜ਼ਪੁਰ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਦੋ ਕਥਿਤ ਸ਼ੂਟਰਾਂ ਨੂੰ ਜੰਮੂ-ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ੂਟਰ ਰਾਜਸਥਾਨ ਦੇ ਰਹਿਣ ਵਾਲੇ ਹਨ।
ਹੁਣ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੀ ਇਸ ਘਟਨਾ ਤੋਂ ਬਾਅਦ ਗਾਬਾ ਕਤਲ ਕਾਂਡ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਾਂਚ ਏਜੰਸੀਆਂ ਇਸ ਹੱਤਿਆਕਾਂਡ ਨਾਲ ਜੁੜੇ ਹੋਰ ਮੁਲਜ਼ਮਾਂ ਅਤੇ ਸਾਜ਼ਿਸ਼ ਦੇ ਵੱਖ-ਵੱਖ ਪਹਿਲੂਆਂ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਮਾਮਲੇ ਨਾਲ ਸੰਬੰਧਤ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
