ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵੱਲੋਂ ਹਰੀ ਖਾਦ ਵਾਲੀਆਂ ਫ਼ਸਲਾਂ ਤੇ ਖੇਤ ਦਿਵਸ ਲਗਾਇਆ ਗਿਆ
- 12 Views
- kakkar.news
- June 15, 2026
- Punjab
ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵੱਲੋਂ ਹਰੀ ਖਾਦ ਵਾਲੀਆਂ ਫ਼ਸਲਾਂ ਤੇ ਖੇਤ ਦਿਵਸ ਲਗਾਇਆ ਗਿਆ
ਫਿਰੋਜ਼ਪੁਰ, 15 ਜੂਨ 2026 (ਅਨੁਜ ਕੱਕੜ ਟੀਨੂੰ)
ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਫ਼ਿਰੋਜ਼ਪੁਰ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਮੇਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ‘ਖੇਤ ਬਚਾਓ ਅਭਿਆਨ’ ਤਹਿਤ ਪਿੰਡ ਮਾਣਾ ਸਿੰਘ ਵਾਲਾ ਵਿਖੇ ਹਰੀ ਖਾਦ ਵਾਲੀਆਂ ਫ਼ਸਲਾਂ ਤੇ ਖੇਤ ਦਿਵਸ ਲਗਾਇਆ ਗਿਆ ਅਤੇ ਕਿਸਾਨਾਂ ਨੂੰ ਫ਼ਸਲਾਂ ਬਾਰੇ ਜਾਣਕਾਰੀ ਦਿੱਤੀ ਗਈ।
ਕੈਂਪ ਦੀ ਸ਼ੁਰੂਆਤ ਦੌਰਾਨ ਡਾ. ਗੁਰਮੇਲ ਸਿੰਘ ਸੰਧੂ ਨੇ ਕਿਸਾਨਾਂ ਨਾਲ ਹਰੀ ਖਾਦ ਵਾਲੀਆਂ ਫ਼ਸਲਾਂ ਸਣ, ਢੈਂਚਾ (ਯੰਤਰ) ਅਤੇ ਮੂੰਗੀ ਦੀ ਕਾਸ਼ਤ ਅਤੇ ਇਹਨਾਂ ਫ਼ਸਲਾਂ ਦੇ ਜ਼ਮੀਨ ਦੀ ਸਿਹਤ ਸੁਧਾਰਨ ਅਤੇ ਨਾਈਟ੍ਰੋਜਨ ਤੱਤ ਦੀ ਕੁਝ ਹੱਦ ਤੱਕ ਪੂਰਤੀ ਕਰਨ ਦੇ ਗੁਣਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਅਹਿਮ ਨੁਕਤਾ ਸਾਂਝਾ ਕਰਦਿਆਂ ਦੱਸਿਆ ਕਿ ਹਰੀ ਖਾਦ ਵਾਲੀਆਂ ਫ਼ਸਲ ਸਣ ਨੂੰ 45-60 ਦਿਨਾਂ ਦੇ ਅੰਦਰ-ਅੰਦਰ (ਸਵਾ ਪੰਜ ਤੋਂ ਸਵਾ ਸੱਤ ਫੁੱਟ ਕੱਦ) ਖੇਤ ਵਿੱਚ ਵਾਹੁਣ ਨਾਲ 3.8-6.5 ਟਨ ਹਰੀ ਖਾਦ ਅਤੇ 0.9-2.0 ਟਨ ਸੁੱਕੀ ਖਾਦ ਪ੍ਰਤੀ ਏਕੜ ਜਮਾਂ ਹੁੰਦੀ ਹੈ ਜਿਸ ਨਾਲ ਖੇਤ ਦੀ ਉਪਜਾਊ ਸ਼ਕਤੀ ਉੱਪਰ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ।
ਉਹਨਾਂ ਕਿਹਾ ਕਿ ਜੋ ਕਿਸਾਨ ਹਰੀ ਖਾਦ ਵਾਲੀਆਂ ਫ਼ਸਲਾਂ ਖੇਤ ਵਿੱਚ ਦਬਾ ਰਹੇ ਹਨ, ਉਹ ਝੋਨੇ ਵਿੱਚ ਪ੍ਰਤੀ ਏਕੜ 55 ਕਿੱਲੋ ਯੂਰੀਆ ਘੱਟ ਕਰ ਸਕਦੇ ਹਨ ਅਤੇ ਹਰੀ ਖਾਦ ਵਾਲੇ ਖੇਤਾਂ ਵਿੱਚ ਬਾਸਮਤੀ ਦੀ ਫ਼ਸਲ ਨੂੰ ਯੂਰੀਆ ਪਾਉਣ ਦੀ ਬਿਲਕੁਲ ਲੋੜ ਨਹੀਂ ਹੈ।
ਇਸ ਦੌਰਾਨ ਡਾ. ਭੱਲਣ ਸਿੰਘ ਸੇਖੋਂ ਨੇ ਇਸ ਕੈੰਪ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਅਤੇ ਪਾਣੀ ਦੀ ਪਰਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜੇਕਰ ਪਿਛਲੀ ਫ਼ਸਲ ਨੂੰ ਫ਼ਾਸਫ਼ੋਰਸ (ਡੀ.ਏ.ਪੀ.) ਦੀ ਸਿਫ਼ਾਰਸ਼ ਕੀਤੀ ਖ਼ੁਰਾਕ ਪਾਈ ਗਈ ਸੀ, ਤਾਂ ਝੋਨੇ ਵਿੱਚ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਸਬਜ਼ੀਆਂ ਵਿੱਚ ਖਾਦਾਂ ਦੀ ਵਰਤੋਂ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕਰਨ ਦੀ ਸਲਾਹ ਦਿੱਤੀ।
ਕੈਂਪ ਵਿੱਚ ਸ਼ਾਮਿਲ ਕਿਸਾਨਾਂ ਨੂੰ ਹਰੀ ਖਾਦ ਵਾਲੀਆਂ ਫ਼ਸਲਾਂ ਦੀ ਵੱਡੇ ਪੱਧਰ ਤੇ ਕਾਸ਼ਤ ਕਰਨ ਵਾਲੇ ਪਿੰਡ ਮਾਣਾ ਸਿੰਘ ਵਾਲਾ ਦੇ ਅਗਾਂਹਵਧੂ ਕਿਸਾਨ ਸ. ਪ੍ਰੀਤਪਾਲ ਸਿੰਘ ਦੇ ਖੇਤ ਦਾ ਦੌਰਾ ਵੀ ਕਰਵਾਇਆ ਗਿਆ।
ਕੈਂਪ ਦੇ ਅਖੀਰ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਤਸੱਲੀਬਖਸ਼ ਢੰਗ ਨਾਲ ਦਿੱਤੇ ਗਏ। ਕੈਂਪ ਅਤੇ ਖੇਤੀ ਦੌਰੇ ਤੋਂ ਬਾਅਦ ਪੀ.ਏ.ਯੂ-ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੀ ਟੀਮ ਵੱਲੋਂ ਕੇ ਵੀ ਕੇ ਤੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਪਿੰਡ ਮਾਣਾ ਸਿੰਘ ਵਾਲਾ ਦੇ ਨੌਜਵਾਨ ਖੁੰਬ ਉਤਪਾਦਕ ਸ. ਧਰਮਵੀਰ ਸਿੰਘ ਦੇ ਨਵੇਂ ਸਥਾਪਿਤ ਕੀਤੇ ਏ.ਸੀ. ਯੂਨਿਟ (ਬਲਿਊ ਫਲਿਊਟ ਐਗਰੋ) ਤੇ ਕਿਸਾਨ ਗੋਸ਼ਟੀ ਵੀ ਕੀਤੀ ਗਈ। ਗੋਸ਼ਟੀ ਵਿੱਚ ਸ਼ਾਮਿਲ ਕਿਸਾਨਾਂ ਨੂੰ ਮਾਹਿਰਾਂ ਵੱਲੋਂ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕੀਤਾ ਗਿਆ।
