ਫਿਰੋਜ਼ਪੁਰ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਸਮੇਤ 4 ਆਰੋਪੀ ਕੀਤੇ ਕਾਬੂ
- 16 Views
- kakkar.news
- July 7, 2026
- Crime Punjab
ਫਿਰੋਜ਼ਪੁਰ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਸਮੇਤ 4 ਆਰੋਪੀ ਕੀਤੇ ਕਾਬੂ
ਫਿਰੋਜ਼ਪੁਰ, 7 ਜੁਲਾਈ 2026 (ਅਨੁਜ ਕੱਕੜ ਟੀਨੂੰ)
ਪੰਜਾਬ ਪੁਲਿਸ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਗਸ਼ਤ ਅਤੇ ਚੈਕਿੰਗ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 12 ਚੋਰੀਸ਼ੁਦਾ ਮੋਟਰਸਾਈਕਲ ਅਤੇ ਸਨੈਚਿੰਗ ਕੀਤੇ 7 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਚਾਰ ਵਿਅਕਤੀ ਮੋਟਰਸਾਈਕਲ ਚੋਰੀ ਕਰਨ ਅਤੇ ਰਾਹਗੀਰਾਂ ਤੋਂ ਮੋਬਾਈਲ ਫੋਨ ਅਤੇ ਪਰਸ ਖੋਹਣ ਦੇ ਆਦੀ ਹਨ। ਸੂਚਨਾ ਅਨੁਸਾਰ ਜੇਕਰ ਉਨ੍ਹਾਂ ‘ਤੇ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਵੱਡਾ ਸਮਾਨ ਬਰਾਮਦ ਹੋ ਸਕਦਾ ਹੈ। ਇਸ ‘ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਟੀਮ ਨੇ ਛਾਪੇਮਾਰੀ ਕਰਕੇ ਚਾਰਾਂ ਆਰੋਪੀਆਂ ਨੂੰ ਕਾਬੂ ਕਰ ਲਿਆ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਵਿੱਚ ਗੌਤਮ ਉਰਫ਼ ਕਾਲੀ ਪੁੱਤਰ ਵਿੱਕੀ ਵਾਸੀ ਇੰਦਰਾ ਕਲੋਨੀ, ਫਿਰੋਜ਼ਪੁਰ, ਸਨੀ ਪੁੱਤਰ ਜਿੰਦਰ ਉਰਫ਼ ਬੱਬਲ ਵਾਸੀ ਇੰਦਰਾ ਕਲੋਨੀ, ਪਿੱਪਲ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਢਾਣੀ ਗਣੇਸ਼ ਵਾਲੀ, ਥਾਣਾ ਸਦਰ ਫਿਰੋਜ਼ਪੁਰ, ਅਤੇ ਛਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਢਾਣੀ ਗਣੇਸ਼ ਵਾਲੀ, ਥਾਣਾ ਸਦਰ ਫਿਰੋਜ਼ਪੁਰ ਸ਼ਾਮਲ ਹਨ।
ਪੁਲਿਸ ਅਨੁਸਾਰ ਗੌਤਮ ਖ਼ਿਲਾਫ਼ ਪਹਿਲਾਂ ਤੋਂ ਤਿੰਨ, ਸਨੀ ਖ਼ਿਲਾਫ਼ ਇੱਕ ਅਤੇ ਪਿੱਪਲ ਸਿੰਘ ਖ਼ਿਲਾਫ਼ ਦੋ ਮਾਮਲੇ ਪਹਿਲਾਂ ਹੀ ਦਰਜ ਹਨ। ਚੌਥੇ ਆਰੋਪੀ ਛਿੰਦਰ ਸਿੰਘ ਦੇ ਅਪਰਾਧਿਕ ਰਿਕਾਰਡ ਸਬੰਧੀ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਵਿੱਚੋਂ ਇੱਕ ਆਰੋਪੀ ਨੇ ਆਪਣੇ ਘਰ ਦੇ ਨੇੜੇ ਬਣੇ ਇੱਕ ਮਕਾਨ ਵਿੱਚ ਚੋਰੀ ਕੀਤੇ ਮੋਟਰਸਾਈਕਲ ਲੁਕਾ ਕੇ ਰੱਖੇ ਹੋਏ ਸਨ, ਜਿੱਥੋਂ ਪੁਲਿਸ ਨੇ ਸਾਰੇ ਵਾਹਨ ਬਰਾਮਦ ਕਰ ਲਏ।
ਪੁਲਿਸ ਨੇ ਚਾਰਾਂ ਆਰੋਪੀਆਂ ਖ਼ਿਲਾਫ਼ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਹੋਰ ਚੋਰੀ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਵਿੱਚ ਵੀ ਸ਼ਾਮਲ ਰਹੇ ਹਨ ਜਾਂ ਨਹੀਂ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
