ਫਿਰੋਜ਼ਪੁਰ ਦੇ ਹੱਡਾ ਰੋੜੀ ਤੋਂ ਮਿਲੀਆਂ ਗਾਵਾਂ ਦੀਆਂ ਖੱਲਾਂ ਤੇ ਵਾਸ਼ਿੰਗ ਮਸ਼ੀਨਾਂ, ਅਰੋਪੀ ਫਰਾਰ
- kakkar.news
- July 26, 2026
- Crime Punjab
ਫਿਰੋਜ਼ਪੁਰ: ਹੱਡਾ ਰੋੜੀ ‘ਚ ਕਥਿਤ ਗਊ ਹੱਤਿਆ ਦੀ ਸੂਚਨਾ ‘ਤੇ ਛਾਪਾ, ਕਈ ਗਾਵਾਂ ਰੈਸਕਿਊ; ਪੁਲਿਸ ਅਤੇ ਪਸ਼ੂ ਪਾਲਣ ਵਿਭਾਗ ਦੀ ਜਾਂਚ ਸ਼ੁਰੂ
ਫਿਰੋਜ਼ਪੁਰ, 26 ਜੁਲਾਈ: 2026 ( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਸ਼ਹਿਰ ਦੀ ਬਸਤੀ ਨਿਜ਼ਾਮਦੀਨ ਨੇੜੇ ਸਥਿਤ ਹੱਡਾ ਰੋੜੀ ਵਿਖੇ ਕਥਿਤ ਗਊ ਹੱਤਿਆ ਦੀ ਸੂਚਨਾ ਮਿਲਣ ਤੋਂ ਬਾਅਦ ਸ੍ਰੀ ਕ੍ਰਿਸ਼ਨਾ ਗਊ ਧਾਮ ਦੇ ਮੁੱਖ ਸੇਵਾਦਾਰ ਸਰਦਾਰ ਹਰਭਜਨ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦਾ ਦਾਅਵਾ ਹੈ ਕਿ ਉੱਥੇ ਕੁਝ ਮ੍ਰਿਤ ਅਤੇ ਕੁਝ ਜੀਵਿਤ ਗਾਵਾਂ ਮਿਲੀਆਂ, ਜਿਨ੍ਹਾਂ ਵਿੱਚੋਂ ਕਈਆਂ ਨੂੰ ਰੈਸਕਿਊ ਕੀਤਾ ਗਿਆ।
ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਹੱਡਾ ਰੋੜੀ ਵਿਖੇ ਗਾਵਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੱਟਿਆ ਜਾਂਦਾ ਹੈ ਅਤੇ ਕੁਝ ਗਾਵਾਂ ਨੂੰ ਵੱਢਣ ਦੀ ਨੀਅਤ ਨਾਲ ਉੱਥੇ ਲਿਆਂਦਾ ਗਿਆ ਹੈ। ਉਨ੍ਹਾਂ ਮੁਤਾਬਕ ਉਹ ਪਿਛਲੇ 10 ਤੋਂ 15 ਦਿਨਾਂ ਤੋਂ ਇਸ ਮਾਮਲੇ ‘ਤੇ ਨਜ਼ਰ ਰੱਖ ਰਹੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਉਹ ਆਪਣੇ ਸਾਥੀਆਂ ਸਮੇਤ ਮੌਕੇ ‘ਤੇ ਪਹੁੰਚੇ ਤਾਂ ਉਨ੍ਹਾਂ ਦੇ ਸਾਹਮਣੇ ਹੀ ਇੱਕ ਜੀਵਿਤ ਗਾਂ ਨੂੰ ਵੱਢਿਆ ਗਿਆ।
ਹਰਭਜਨ ਸਿੰਘ ਨੇ ਇਹ ਵੀ ਦੋਸ਼ ਲਗਾਇਆ ਕਿ ਮੌਕੇ ‘ਤੇ ਮੌਜੂਦ ਵਿਅਕਤੀਆਂ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਹਮਲਾ ਕੀਤਾ। ਇਸ ਦੌਰਾਨ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੂੰ ਦੇਖ ਕੇ ਕਥਿਤ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕਰਦਿਆਂ ਕਈ ਗਾਵਾਂ ਨੂੰ ਰੈਸਕਿਊ ਕਰਕੇ ਸ੍ਰੀ ਕ੍ਰਿਸ਼ਨਾ ਗਊ ਧਾਮ ਭੇਜ ਦਿੱਤਾ।
ਹਰਭਜਨ ਸਿੰਘ ਨੇ ਦਾਅਵਾ ਕੀਤਾ ਕਿ ਮੌਕੇ ਤੋਂ ਗਾਵਾਂ ਦੇ ਨਾਲ-ਨਾਲ ਕਈ ਛੋਟੀਆਂ ਵੱਛੀਆਂ ਦੀਆਂ ਖੱਲਾਂ ਵੀ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਉੱਥੇ ਅਜਿਹੀਆਂ ਵਾਸ਼ਿੰਗ ਮਸ਼ੀਨਾਂ ਵੀ ਮਿਲੀਆਂ, ਜਿਨ੍ਹਾਂ ਬਾਰੇ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਵਿੱਚ ਮਾਸ ਨੂੰ ਧੋਇਆ ਜਾਂਦਾ ਸੀ। ਮੌਕੇ ਤੋਂ ਗਾਵਾਂ ਨੂੰ ਵੱਢਣ ਲਈ ਵਰਤੇ ਜਾਂਦੇ ਵੱਡੇ ਲੱਕੜ ਦੇ ਮੁੱਢ ਅਤੇ ਕਈ ਕੱਟੇ ਹੋਏ ਗਾਵਾਂ ਦੇ ਪੈਰ ਸਮੇਤ ਹੋਰ ਸ਼ੱਕੀ ਸਮਾਨ ਵੀ ਬਰਾਮਦ ਹੋਣ ਦੀ ਗੱਲ ਸਾਹਮਣੇ ਆਈ ਹੈ।
ਸਾਬਕਾ ਐਮਸੀ ਬੇਅੰਤ ਸਿੰਘ ਨੇ ਵੀ ਦੱਸਿਆ ਕਿ ਉਹ ਹਰਭਜਨ ਸਿੰਘ ਦੇ ਨਾਲ ਮੌਕੇ ‘ਤੇ ਮੌਜੂਦ ਸਨ ਅਤੇ ਉਨ੍ਹਾਂ ਨੇ ਮਿਲ ਕੇ ਕਈ ਗਾਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪਸ਼ੂ ਪਾਲਣ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਉੱਧਰ, ਡੀਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਗਊ ਹੱਤਿਆ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਮੌਕੇ ‘ਤੇ ਦਬਿਸ਼ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਸਬੂਤਾਂ ਅਤੇ ਜਾਂਚ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
