ਭਾਰਤੀ ਜਨਤਾ ਪਾਰਟੀ ਨੇ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਦਫਤਰ ਦਾ ਰੱਖਿਆ ਨੀਂਹ ਪੱਥਰ
- 79 Views
- kakkar.news
- July 15, 2025
- Punjab
ਭਾਰਤੀ ਜਨਤਾ ਪਾਰਟੀ ਨੇ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਦਫਤਰ ਦਾ ਰੱਖਿਆ ਨੀਂਹ ਪੱਥਰ
ਰਾਣਾ ਗੁਰਮੀਤ ਸਿੰਘ ਸੋਢੀ ਨੇ ਸਰਹੱਦੀ ਖੇਤਰ ਦੀ ਤਰੱਕੀ ਲਈ ਜਤਾਈ ਵਚਨਬੱਧਤਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇਣ ਦਾ ਭਰੋਸਾ
ਫਿਰੋਜ਼ਪੁਰ 15 ਜੁਲਾਈ 2025 ( ਅਨੁਜ ਕੱਕੜ ਟੀਨੂੰ)
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅੱਜ ਫਿਰੋਜ਼ਪੁਰ ਦੇ ਭਾਰਤ ਨਗਰ ਵਿਖੇ ਜ਼ਿਲ੍ਹਾ ਦਫਤਰ ਦਾ ਨੀਂਹ ਪੱਥਰ ਰੱਖਿਆ, ਜੋ ਸਰਹੱਦੀ ਖੇਤਰ ਵਿੱਚ ਪਾਰਟੀ ਦੀ ਮਜ਼ਬੂਤ ਪਹੁੰਚ ਅਤੇ ਵਿਕਾਸ ਦੀਆਂ ਯੋਜਨਾਵਾਂ ਦਾ ਪ੍ਰਤੀਕ ਹੈ। ਇਸ ਸਮਾਗਮ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਦਫਤਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਦੀ ਅਗਵਾਈ ਵਿਚ ਸੈਂਕੜਿਆਂ ਪਾਰਟੀ ਵਰਕਰਾਂ, ਸਥਾਨਕ ਆਗੂਆਂ ਅਤੇ ਨਾਗਰਿਕਾਂ ਨੇ ਹਿੱਸਾ ਲਿਆ, ਜਿਸ ਨਾਲ ਸਮਾਗਮ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ। ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਸੰਬੋਧਨ ਵਿਚ ਫਿਰੋਜ਼ਪੁਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਹ ਨਵਾਂ ਜ਼ਿਲ੍ਹਾ ਦਫਤਰ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਹੱਲ ਕਰਨ ਲਈ ਇੱਕ ਮਜ਼ਬੂਤ ਪਲੇਟਫਾਰਮ ਹੋਵੇਗਾ। ਉਨ੍ਹਾਂ ਨੇ ਕਿਹਾ ਅਸੀਂ ਫਿਰੋਜ਼ਪੁਰ ਦੇ ਲੋਕਾਂ ਦੇ ਪਰਿਵਾਰ ਦਾ ਅਟੁੱਟ ਹਿੱਸਾ ਹਾਂ। ਸਾਡਾ ਮੁੱਖ ਟੀਚਾ ਸਰਹੱਦੀ ਜ਼ਿਲ੍ਹੇ ਵਿੱਚ ਵਿਕਾਸ ਦੀ ਨਵੀਂ ਲਹਿਰ ਲਿਆਉਣਾ, ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨਾ ਅਤੇ ਹਰ ਵਰਗ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਾ ਹੈ। ਸੋਢੀ ਨੇ ਜੋਰ ਦੇ ਕੇ ਕਿਹਾ ਕਿ ਭਾਜਪਾ ਸਰਕਾਰ ਦੇ ਰਾਸ਼ਟਰੀ ਅਤੇ ਸਥਾਨਕ ਪੱਧਰ ’ਤੇ ਵਿਕਾਸ ਦੇ ਏਜੰਡੇ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਨੇ ਸਰਹੱਦੀ ਖੇਤਰ ਦੀਆਂ ਵਿਸ਼ੇਸ਼ ਚੁਣੌਤੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਵਿਚ ਬੁਨਿਆਦੀ ਢਾਂਚੇ ਦੀ ਕਮੀ, ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਘਾਟ ਅਤੇ ਰੁਜ਼ਗਾਰ ਦੇ ਸੀਮਤ ਮੌਕਿਆਂ ਵਰਗੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਭਾਜਪਾ ਯੋਜਨਾਬੱਧ ਤਰੀਕੇ ਨਾਲ ਕੰਮ ਕਰੇਗੀ। ਅਸੀਂ ਫਿਰੋਜ਼ਪੁਰ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ’ਤੇ ਲੈ ਜਾਵਾਂਗੇ ਅਤੇ ਇਸ ਨੂੰ ਪੰਜਾਬ ਦੇ ਸਭ ਤੋਂ ਅਗਾਂਹਵਧੂ ਜ਼ਿਲ੍ਹਿਆਂ ਵਿੱਚੋਂ ਇੱਕ ਬਣਾਵਾਂਗੇ। ਸੋਢੀ ਨੇ ਫਿਰੋਜ਼ਪੁਰ ਦੇ ਲੋਕਾਂ ਵੱਲੋਂ ਮਿਲੇ ਪਿਆਰ ਅਤੇ ਸਤਿਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇਸ ਦਾ ਮੁੱਲ ਵਿਕਾਸ ਦੇ ਕੰਮਾਂ, ਸਮਾਜ ਸੇਵਾ ਅਤੇ ਜਨਤਕ ਸਹੂਲਤਾਂ ਨੂੰ ਵਧਾਉਣ ਦੇ ਜ਼ਰੀਏ ਚੁਕਾਉਣਗੇ। ਉਨ੍ਹਾਂ ਨੇ ਖਾਸ ਤੌਰ ’ਤੇ ਨੌਜਵਾਨਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਯਤਨ ਕਰਨ ਦੀ ਗੱਲ ਕੀਤੀ। ਨਵੇਂ ਦਫਤਰ ਦੀ ਨੀਂਹ ਪੱਥਰ ਉਨ੍ਹਾਂ ਨੇ ‘‘ਜਨ ਸੰਪਰਕ ਦਾ ਕੇਂਦਰ’’ ਕਰਾਰ ਦਿੱਤਾ, ਜਿੱਥੇ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆ ਸਕਦੇ ਹਨ ਅਤੇ ਤੁਰੰਤ ਹੱਲ ਦੀ ਉਮੀਦ ਕਰ ਸਕਦੇ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਅਹੁਦੇਦਾਰਾਂ, ਸਥਾਨਕ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੀ ਵਚਨਬੱਧਤਾ ਜਤਾਈ। ਇਸ ਮੌਕੇ ਸ਼ਮਸ਼ੇਰ ਸਿੰਘ ਕਾਕੜ ਜ਼ਿਲ੍ਹਾ ਪ੍ਰਧਾਨ ਭਾਜਪਾ, ਜੁਗਰਾਜ ਸਿੰਘ ਕਟੋਰਾ, ਨਤਿੰਦਰ ਮੁਖੀਜਾ, ਹਰਿੰਦਰ ਸਿੰਘ ਕੁੱਲ, ਮਨੀਸ਼ ਧਵਨ, ਦਵਿੰਦਰ ਜੰਗ, ਵਿੱਕੀ ਸਿੱਧੂ, ਕਾਰਜ ਸਿੰਘ, ਆਹਲਾ, ਸਰਬਜੀਤ ਸਿੰਘ ਬੌਬੀ ਬਾਠ, ਦਵਿੰਦਰ ਕਪੂਰ, ਵਿਜੇ ਕੈਂਥ, ਅਸ਼ੋਕ ਸਹਿਗਲ, ਮੇਜਰ ਟਿੱਬੀ, ਰਵੀ ਚਾਵਲਾ, ਅਮਰਜੀਤ ਸਿੰਘ ਘਾਰੂ, ਸੁਰਿੰਦਰਪਾਲ ਸਿੰਘ ਸਿੱਧੂ, ਲਖਬੀਰ ਸੰਧੂ, ਭਗਵਾਨ ਸਿੰਘ ਭੁੱਲਰ, ਸਾਹਬ ਸਿੰਘ ਮੁੱਦਕਾ, ਮੋਹਨ ਸਿੰਘ ਲਾਲਕਾ, ਦਰਬਾਰਾ ਸਿੰਘ, ਮਿੱਕੀ ਪ੍ਰਧਾਨ, ਭਜਨ ਬਾਰੇ ਕੇ, ਵਿੰਨੀ ਗੁਪਤਾ, ਵਿਕਰਮਜੀਤ ਪੋਜੋ ਕੇ, ਦੀਦਾਰ ਸਿਆਲ ਆਦਿ ਮੌਜ਼ੂਦ ਸਨ।


