ਪਿੰਡ ਪਿੰਡੀ ਵਿਖੇ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਲਈ ਕੀਤਾ ਪ੍ਰੇਰਿਤ
- 41 Views
- kakkar.news
- October 3, 2025
- Punjab
ਪਿੰਡ ਪਿੰਡੀ ਵਿਖੇ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਲਈ ਕੀਤਾ ਪ੍ਰੇਰਿਤ
ਫ਼ਿਰੋਜ਼ਪੁਰ, 3 ਅਕਤੂਬਰ 2025 (ਸਿਟੀਜਨਜ਼ ਵੋਇਸ)
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਰਣਧੀਰ ਠਾਕੁਰ ਦੀ ਯੋਗ ਅਗਵਾਈ ਹੇਠ ਬਲਾਕ ਗੁਰੂਹਰਸਹਾਏ ਸਰਕਲ ਕੋਹਰ ਸਿੰਘ ਵਾਲਾ ਦੇ ਪਿੰਡ ਪਿੰਡੀ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰੂਹਰਸਹਾਏ ਵੱਲੋਂ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ।
ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਅਮਨਦੀਪ ਸਿੰਘ ਸੰਧੂ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦੀ ਸਾਂਭ ਸੰਭਾਲ ਬਾਰੇ ਦੱਸਦਿਆਂ ਅਪੀਲ ਕੀਤੀ ਉਹ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਸੁਪਰ ਸੀਡਰ, ਮਲਚਰ, ਆਰ.ਐਮ.ਬੀ. ਪਲਾਓ, ਹੈਪੀ ਸੀਡਰ, ਸੁਪਰ ਐਸ.ਐਮ.ਐਸ. ਆਦਿ ਦੀ ਵਰਤੋਂ ਕਰਕੇ ਕਰਨ। ਇਸ ਤੋਂ ਹੋਣ ਵਾਲੇ ਧੂੰਏ ਨਾਲ ਵਾਤਾਵਰਨ ਦੇ ਨੁਕਸਾਨ ਅਤੇ ਹੋਣ ਵਾਲੀਆਂ ਗੰਭੀਰ ਬਿਮਾਰੀਆਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਖੇਤੀਬਾੜੀ ਉਪ ਨਿਰੀਖਕ ਜਰਮਨਜੀਤ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪਰਾਲ਼ੀ ਸਾੜਣ ਦੇ ਵਰਤਾਰੇ ਨਾਲ ਮਿੱਟੀ ਵਿੱਚੋਂ ਜ਼ਰੂਰੀ ਖੁਰਾਕੀ ਤੱਤਾਂ ਨਾਈਟਰੋਜਨ, ਫਾਸਫੋਰਸ, ਪੋਟਾਸ਼ੀਅਮ, ਸਲਫਰ, ਛੋਟੇ ਤੱਤਾਂ ਅਤੇ ਜੈਵਿਕ ਕਾਰਬਨ ਦੇ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਤੇ ਸੂਖਮ ਜੀਵਾਂ ਦੀ ਮਿੱਟੀ ਦੇ ਉਪਜਾਊਪਣ ਵਿੱਚ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਕਿਸਾਨਾਂ ਨੂੰ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬੇਲੋੜੀਆਂ ਖਾਦਾਂ ਦੀ ਸੁਚੱਜੀ ਵਰਤੋ ਕਰਨ ਲਈ ਕਿਹਾ ਜਿਸ ਨਾਲ ਉਹਨਾਂ ਦਾ ਖਰਚਾ ਘਟਾਇਆ ਜਾ ਸਕੇ ਅਤੇ ਆਮਦਨ ਵੱਧ ਮਿਲ ਸਕੇ।
ਇਸ ਤੋਂ ਬਾਅਦ ਖੇਤੀਬਾੜੀ ਵਿਕਾਸ ਅਫਸਰ ਅਮਨਦੀਪ ਸਿੰਘ ਕੰਬੋਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਕਟਾਈ ਸੁਪਰ ਐਸਐਮਐਸ ਵਾਲੀ ਮਸ਼ੀਨ ਤੋਂ ਹੀ ਕਰਵਾਈ ਜਾਵੇ ਤਾਂ ਜੋ ਉਹਨਾਂ ਨੂੰ ਅੱਗੇ ਕਣਕ ਦੇ ਸੀਜਨ ਵਿੱਚ ਬਿਜਾਈ ਦੌਰਾਨ ਕੋਈ ਸਮੱਸਿਆ ਨਾ ਆਵੇ। ਉਹਨਾਂ ਨੇ ਕਿਸਾਨਾਂ ਨਾਲ ਮੌਜੂਦਾ ਚੱਲ ਰਹੀ ਖੇਤਾਂ ਦੀ ਸਥਿਤੀ ਬਾਰੇ ਗੱਲ ਕਰਦੇ ਝੋਨੇ ਦੇ ਖੇਤ ਵਿੱਚ ਆ ਰਹੀਆਂ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਤੇ ਹਮਲੇ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਦੱਸਿਆ ਗਿਆ। ਕਿਸਾਨਾਂ ਨੂੰ ਸਿਫਾਰਿਸ਼ ਅਨੁਸਾਰ ਸਪਰੇ ਕਰਨ ਦੀ ਸਲਾਹ ਦਿੱਤੀ ਅਤੇ ਕਣਕ ਦੇ ਨਵੇਂ ਸੁਧਰੇ ਬੀਜਾਂ ਬਾਰੇ ਦੱਸਿਆ ਗਿਆ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਗੁਰੂਹਰਸਹਾਏ ਵੱਲੋਂ ਕਿਸਾਨਾਂ ਨੂੰ ਪੂਸਾ ਡੀ ਕੰਪੋਜਰ ਵੀ ਵੰਡਿਆ ਗਿਆ ਅਤੇ ਕਿਸਾਨਾਂ ਨੂੰ ਇਸ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਪਰਾਲੀ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਕੀਤਾ ਜਾ ਸਕੇ ਅਤੇ ਕਿਸਾਨਾਂ ਦੀ ਹਾੜੀ ਦੀਆਂ ਫ਼ਸਲਾਂ ਦੀ ਸਮੇਂ ਸਿਰ ਬਿਜਾਂਦ ਹੋ ਸਕੇ।
ਕੈਂਪ ਵਿੱਚ ਪਿੰਡ ਦੇ ਅਗਾਂਹਵਧੂ ਕਿਸਾਨ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਸੀਜਨ ਦੌਰਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ।



- October 15, 2025