ਫਿਰੋਜ਼ਪੁਰ ਸਿਟੀ ਥਾਣੇ ਸਾਹਮਣੇ ਪੁੱਡਾ ਵਿਭਾਗ ਦੀ ਕਾਰਵਾਈ, ਸਟ੍ਰੀਟ ਫੂਡ ਰੇੜੀਆਂ ਹਟਾਈਆਂ, ਰੇੜੀ ਮਾਲਕਾਂ ਦਾ ਰੋਸ
- 216 Views
- kakkar.news
- October 28, 2025
- Punjab
ਫਿਰੋਜ਼ਪੁਰ ਸਿਟੀ ਥਾਣੇ ਸਾਹਮਣੇ ਪੁੱਡਾ ਵਿਭਾਗ ਦੀ ਕਾਰਵਾਈ, ਸਟ੍ਰੀਟ ਫੂਡ ਰੇੜੀਆਂ ਹਟਾਈਆਂ, ਰੇੜੀ ਮਾਲਕਾਂ ਦਾ ਰੋਸ
ਫਿਰੋਜ਼ਪੁਰ, 28 ਅਕਤੂਬਰ 2025 ( ਅਨੁਜ ਕੱਕੜ ਟੀਨੂੰ)
ਦਿੱਲੀ ਗੇਟ ਦੇ ਕੋਲ ਸਥਿਤ ਸਿਟੀ ਥਾਣੇ ਸਾਹਮਣੇ ਬਣੀ ਪੁੱਡਾ ਮਾਰਕੀਟ ਵਿੱਚ ਅੱਜ ਪੁੱਡਾ ਵਿਭਾਗ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਬਰਗਰ, ਨੂਡਲਸ, ਟਿੱਕੀ, ਮੋਮੋਸ ਅਤੇ ਹੋਰ ਵੇਜ-ਨਾਨ ਵੇਜ ਸਟ੍ਰੀਟ ਫੂਡ ਦੀਆਂ ਰੇੜੀਆਂ ਹਟਾ ਦਿੱਤੀਆਂ ਗਈਆਂ। ਇਹ ਕਾਰਵਾਈ ਲੋਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਅਧਾਰ ‘ਤੇ ਕੀਤੀ ਗਈ।
ਵਿਭਾਗੀ ਅਧਿਕਾਰੀਆਂ ਮੁਤਾਬਕ, ਸ਼ਾਮ ਦੇ ਸਮੇਂ ਇਸ ਇਲਾਕੇ ਵਿੱਚ ਭਾਰੀ ਭੀੜ ਇਕੱਠੀ ਹੋਣ ਕਾਰਨ ਟ੍ਰੈਫ਼ਿਕ ਤੇ ਪਾਰਕਿੰਗ ਸਮੱਸਿਆ ਬਣ ਰਹੀ ਸੀ। ਦਿੱਲੀ ਗੇਟ ਬਾਜ਼ਾਰ ਵਿੱਚ ਜਾਣ ਵਾਲੇ ਲੋਕਾਂ ਨੂੰ ਗੱਡੀਆਂ ਪਾਰਕ ਕਰਨ ਵਿੱਚ ਦਿੱਕਤ ਆ ਰਹੀ ਸੀ, ਜਦਕਿ ਮਾਰਕੀਟ ਦੀਆਂ ਅੰਦਰੂਨੀ ਦੁਕਾਨਾਂ ਦੀ ਗ੍ਰਾਹਕੀ ਵੀ ਪ੍ਰਭਾਵਿਤ ਹੋ ਰਹੀ ਸੀ।
ਸ਼ਾਮ ਹੋਣ ਨਾਲ ਹੀ ਇਥੇ ਡੋਸੇ, ਬਰਗਰ, ਮੋਮੋਸ ਅਤੇ ਹੋਰ ਸਟ੍ਰੀਟ ਫੂਡ ਦੇ ਸ਼ੌਕੀਨ ਲੋਕਾਂ ਦੀ ਭੀੜ ਲੱਗ ਜਾਂਦੀ ਸੀ, ਜਿਸ ਨਾਲ ਸੜਕਾਂ ‘ਤੇ ਰੁਕਾਵਟ ਪੈਣ ਲੱਗੀ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਪੁੱਡਾ ਵਿਭਾਗ ਨੇ ਨਾਜਾਇਜ਼ ਤੌਰ ‘ਤੇ ਲੱਗੀਆਂ ਰੇੜੀਆਂ ਹਟਾ ਦਿੱਤੀਆਂ।
ਦੂਜੇ ਪਾਸੇ, ਰੇੜੀ ਮਾਲਕਾਂ ਨੇ ਇਸ ਕਾਰਵਾਈ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਕਿ ਉਹ ਸਿਰਫ਼ ਸ਼ਾਮ 5 ਵਜੇ ਤੋਂ ਬਾਅਦ ਆਪਣੀਆਂ ਰੇੜੀਆਂ ਲਗਾਉਂਦੇ ਸਨ ਅਤੇ ਇਹ ਉਹਨਾਂ ਦੀ ਰੋਜ਼ੀ-ਰੋਟੀ ਦਾ ਇਕੋ-ਇੱਕ ਸਾਧਨ ਸੀ। ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਵੱਲੋਂ ਉਹਨਾਂ ਲਈ ਛੋਟੇ ਬੂਥ ਜਾਂ ਨਿਰਧਾਰਤ ਸਥਾਨ ਉਪਲਬਧ ਕਰਵਾਏ ਜਾਣ ਤਾਂ ਜੋ ਉਹ ਆਪਣਾ ਘਰ ਚਲਾ ਸਕਣ।
ਇਸ ਮਾਮਲੇ ਨੇ ਸ਼ਹਿਰ ਵਿੱਚ ਸਟ੍ਰੀਟ ਫੂਡ ਵੇਚਣ ਵਾਲਿਆਂ ਦੀ ਸੁਰੱਖਿਆ ਅਤੇ ਜੀਵਨ-ਯਾਪਨ ਨਾਲ ਸੰਬੰਧਤ ਨੀਤੀਆਂ ’ਤੇ ਵੀ ਚਰਚਾ ਨੂੰ ਜਨਮ ਦਿੱਤਾ
