ਫਿਰੋਜ਼ਪੁਰ ਵਿੱਚ ਪਾਵਰਕਾਮ ਠੇਕਾ ਮੁਲਾਜ਼ਮਾਂ ਵਲੋਂ ਨਿੱਜੀਕਰਨ ਦੇ ਖ਼ਿਲਾਫ਼ ਰੋਸ ਮਾਰਚ, ਮੰਗਾਂ ਦੇ ਹੱਲ ਤੱਕ ਹੜਤਾਲ ਜਾਰੀ
- 148 Views
- kakkar.news
- October 30, 2025
- Punjab
ਫਿਰੋਜ਼ਪੁਰ ਵਿੱਚ ਪਾਵਰਕਾਮ ਠੇਕਾ ਮੁਲਾਜ਼ਮਾਂ ਵਲੋਂ ਨਿੱਜੀਕਰਨ ਦੇ ਖ਼ਿਲਾਫ਼ ਰੋਸ ਮਾਰਚ, ਮੰਗਾਂ ਦੇ ਹੱਲ ਤੱਕ ਹੜਤਾਲ ਜਾਰੀ
ਫਿਰੋਜ਼ਪੁਰ, 30 ਅਕਤੂਬਰ 2025 (ਸਿਟੀਜਨਜ਼ ਵੋਇਸ)
ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਅੱਜ ਫਿਰੋਜ਼ਪੁਰ ਸਬਅਰਬਨ ਡਿਵੀਜ਼ਨ ਦੇ XEN ਦਫ਼ਤਰ ਅੱਗੇ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਤੇ ਰੋਸ ਮਾਰਚ ਕੀਤਾ ਗਿਆ। ਕਾਮਿਆਂ ਨੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ, ਸਮੂਹ ਆਊਟਸੋਰਸ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਲ ਕਰਨ ਅਤੇ ਬਿਜਲੀ ਦੇ ਕਰੰਟ ਨਾਲ ਜਾਨ ਗਵਾ ਚੁੱਕੇ ਕਾਮਿਆਂ ਦੇ ਵਾਰਸਾਂ ਨੂੰ ਨੌਕਰੀ, ਪੈਨਸ਼ਨ ਤੇ ਮੁਆਵਜ਼ੇ ਦੀ ਗਰੰਟੀ ਕਰਨ ਦੀ ਮੰਗ ਉਠਾਈ।
ਧਰਨੇ ਦੌਰਾਨ ਪ੍ਰਧਾਨ ਵਿਸ਼ਾਲ ਤੇਜੀ, ਰਾਜਵਿੰਦਰ ਸਿੰਘ, ਗੱਬਰ, ਯੋਗੇਸ਼ ਖੋਖਰ, ਜਗਦੀਸ਼ ਗੁਪਤਾ, ਬੂਟਾ ਸਿੰਘ, ਗੁਰਚਰਨ ਸਿੰਘ, ਸੁਮੀਤ, ਜਸਵਿੰਦਰ ਸਿੰਘ ਮੁਦਕੀ, ਮਾਨਵ ਸ਼ਰਮਾ, ਸਿਮਰਨ ਜੋਸ਼ੀ ਅਤੇ ਹੋਰ ਆਗੂਆਂ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਰਪੋਰੇਸ਼ਨ ਦੀਆਂ ਜਾਇਦਾਦਾਂ ਵੇਚਣ, ਚਿੱਪ ਵਾਲੇ ਮੀਟਰ ਲਗਾਉਣ ਅਤੇ ਨਿੱਜੀਕਰਨ ਦੇ ਹਮਲੇ ਤੇਜ਼ ਕੀਤੇ ਜਾ ਰਹੇ ਹਨ।
ਬੁਲਾਰਿਆਂ ਨੇ ਦੱਸਿਆ ਕਿ ਵਿਭਾਗ ਵਿੱਚ ਸੇਫ਼ਟੀ ਕਿੱਟਾਂ ਦੀ ਘਾਟ ਕਾਰਨ ਹੁਣ ਤੱਕ 400 ਤੋਂ ਵੱਧ ਕਾਮਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਸੈਂਕੜੇ ਅਪੰਗ ਹੋ ਚੁੱਕੇ ਹਨ, ਪਰ ਸਰਕਾਰ ਵੱਲੋਂ ਕੋਈ ਢੰਗ ਦਾ ਮੁਆਵਜ਼ਾ ਜਾਂ ਨੌਕਰੀ ਨਹੀਂ ਦਿੱਤੀ ਗਈ। ਕਾਮਿਆਂ ਨੇ ਦੋਸ਼ ਲਗਾਇਆ ਕਿ ਭਗਵੰਤ ਮਾਨ ਸਰਕਾਰ ਨੇ ਚੋਣਾਂ ਦੌਰਾਨ ਠੇਕਾ ਪ੍ਰਥਾ ਖ਼ਤਮ ਕਰਨ ਦੇ ਜੋ ਵਾਅਦੇ ਕੀਤੇ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ।
ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ, ਬਿਜਲੀ ਮੰਤਰੀ ਅਤੇ ਪਾਵਰਕਾਮ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾਂ ‘ਚ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਦਾ ਪ੍ਰਸਤਾਵ ਮਨਜ਼ੂਰ ਹੋਇਆ ਸੀ, ਪਰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਇਸੇ ਕਰਕੇ ਅੱਜ ਕਾਮਿਆਂ ਨੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਰਾਤ ਭਰ ਧਰਨਾ ਤੇ ਘੇਰਾਓ ਕਰਨ ਦਾ ਐਲਾਨ ਕੀਤਾ। ਪੁਲੀਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਮੰਤਰੀ ਨਾਲ ਫੋਨ ‘ਤੇ ਗੱਲਬਾਤ ਹੋਈ ਅਤੇ ਅਗਲੀ ਮੀਟਿੰਗ 6 ਨਵੰਬਰ ਲਈ ਤਹਿ ਹੋਈ।
ਇਸ ਮੀਟਿੰਗ ਤੱਕ ਕਾਮਿਆਂ ਨੇ ਆਪਣੀ ਹੜਤਾਲ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਯੂਨੀਅਨ ਨੇ ਐਲਾਨ ਕੀਤਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ, ਤਾਂ 9 ਨਵੰਬਰ ਨੂੰ ਤਰਨਤਾਰਨ ਹਲਕੇ ਵਿੱਚ ਵਿਸ਼ਾਲ “ਝੰਡਾ ਮਾਰਚ” ਕੀਤਾ ਜਾਵੇਗਾ।
ਆਗੂਆਂ ਨੇ ਅਖੀਰ ਵਿੱਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਬਿਜਲੀ ਮੁਲਾਜ਼ਮ, ਰੈਗੂਲਰ ਤੇ ਠੇਕਾ ਦੋਵੇਂ, ਨਿੱਜੀਕਰਨ ਵਿਰੁੱਧ ਸਾਂਝੇ ਪਲੇਟਫਾਰਮ ਤੇ ਇਕੱਠੇ ਹੋਣ ਤੇ ਲੰਬਾ, ਤਿੱਖਾ ਤੇ ਨਿਰਣਾਯਕ ਸੰਘਰਸ਼ ਛੇੜਨ।
