ਫਿਰੋਜ਼ਪੁਰ ਜੇਲ੍ਹ ਵਿੱਚ 2025 ਦੌਰਾਨ ਮੋਬਾਈਲ ਫੋਨ ਜ਼ਬਤ ਕਰਨ ਵਿੱਚ ਵਾਧਾ: ਇਸ ਸਾਲ ਵਿੱਚ 600 ਤੋਂ ਵੱਧ ਫੋਨ ਬਰਾਮਦ
- 90 Views
- kakkar.news
- December 31, 2025
- Crime Punjab
ਫਿਰੋਜ਼ਪੁਰ ਜੇਲ੍ਹ ਵਿੱਚ 2025 ਦੌਰਾਨ ਮੋਬਾਈਲ ਫੋਨ ਜ਼ਬਤ ਕਰਨ ਵਿੱਚ ਵਾਧਾ: ਇਸ ਸਾਲ ਵਿੱਚ 600 ਤੋਂ ਵੱਧ ਫੋਨ ਬਰਾਮਦ
ਫਿਰੋਜ਼ਪੁਰ 31 ਦਸੰਬਰ 2025 (ਅਨੁਜ ਕੱਕੜ ਟੀਨੂੰ)
ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਤਿੰਨ ਲੇਅਰ ਸੁਰਖਿਆ ਦੇ ਬਾਵਜੂਦ ਵੀ ਜੇਲ ਅੰਦਰ ਕੈਦੀਆਂ ਵੱਲੋ ਮੋਬਾਈਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਜੇਲ ਵਿਭਾਗ ਵੱਲੋ ਚਲੇ ਜਾ ਰਹੇ ਸਰਚ ਅਭਿਆਨ ਤਹਿਤ ਮੋਬਾਈਲਾਂ ਦੀ ਬਰਾਮਦਗੀ ਵੀ ਕੀਤੀ ਜਾ ਰਹੀ ਹੈ।ਇਸੇ ਤਰ੍ਹਾਂ ਪਿਛਲੇ 24 ਦਸੰਬਰ ਤੋਂ ਹੁਣ ਤਕ ਚਲਾਈ ਗਈ ਤਲਾਸ਼ੀ ਮੁਹਿੰਮ ਤਹਿਤ ਵੱਖ-ਵੱਖ ਤਾਰੀਖਾਂ ਦੌਰਾਨ ਹਵਾਲਾਤੀਆਂ ਤੋਂ 65 ਨਸ਼ੀਲੇ ਪਦਾਰਥਾਂ ਅਤੇ 10 ਮੋਬਾਇਲ ਫੋਨਾਂ ਦੀ ਬਰਾਮਦਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਵੱਲੋਂ ਥਾਣਾ ਸਿਟੀ ਫਿਰੋਜ਼ਪੁਰ ਨੂੰ ਸੂਚਿਤ ਕੀਤਾ ਗਿਆ, ਜਿਸ ‘ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਹੈ ।
ਚੈਕਿੰਗ ਦੌਰਾਨ ਮਿਤੀ 24-12-2025 ਅਨੁਸਾਰ ਹਵਾਲਾਤੀ ਵਿਨੈ ਭੰਡਾਰੀ ਪੁੱਤਰ ਵਿਨੋਦ ਕੁਮਾਰ, ਵਾਸੀ ਲੁਧਿਆਣਾ ਕੋਲੋਂ 65 ਚਿੱਟੇ ਰੰਗ ਦੇ ਨਸ਼ੀਲੇ ਜਾਪਦੇ ਕੈਪਸੂਲ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮਿਤੀ 25-12-2025 ਅਨੁਸਾਰ ਹਵਾਲਾਤੀ ਸਰਵਨ ਸਿੰਘ ਪੁੱਤਰ ਗੁਰਮੁੱਖ ਸਿੰਘ, ਵਾਸੀ ਕਮਾਲੇ ਵਾਲਾ, ਫਿਰੋਜ਼ਪੁਰ ਕੋਲੋਂ ਚੈਕਿੰਗ ਦੌਰਾਨ ਇੱਕ ਮੋਬਾਇਲ ਫੋਨ, ਹਰਪਾਲ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪੀਰ ਬੋਰੀਆਂ ਤੋਂ ਇੱਕ ਟੱਚ ਸਕਰੀਨ ਮੋਬਾਇਲ ਫੋਨ, ਕੁਲਵਿੰਦਰ ਸਿੰਘ ਪੁੱਤਰ ਸੋਮਾ ਸਿੰਘ ਵਾਸੀ ਜਲਾਲਾਬਾਦ, ਤੋਂ ਇੱਕ ਟੱਚ ਸਕਰੀਨ ਮੋਬਾਇਲ ਫੋਨ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ , ਫਿਰੋਜ਼ਪੁਰ ਤੋਂ ਇੱਕ ਕੀ-ਪੈਡ ਮੋਬਾਇਲ ਫੋਨ ਬਰਾਮਦ ਹੋਇਆ। ਮਿਤੀ 27-12-2025 ਨੂੰ ਹਵਾਲਾਤੀ ਕੁਲਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਰਟੇਲ ਰੋਹੀ ਕੋਲੋਂ ਇੱਕ ਕੀ-ਪੈਡ ਮੋਬਾਇਲ ਫੋਨ, ਕਰਨ ਪੁੱਤਰ ਦਰਸ਼ਨ ਵਾਸੀ ਮੇਘਾ ਰਾਏ ਉਤਾੜ ਤੋਂ ਇੱਕ ਟੱਚ ਸਕਰੀਨ ਮੋਬਾਇਲ ਫੋਨ ਅਤੇ ਸੁਰਜੀਤ ਸਿੰਘ ਪੁੱਤਰ ਹਰੀ ਸਿੰਘ ਵਾਸੀ ਤਰਨਤਾਰਨ ਤੋਂ ਇੱਕ ਟੱਚ ਸਕਰੀਨ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਇਸੇ ਤਰ੍ਹਾਂ ਮਿਤੀ 28-12-2025 ਨੂੰ ਚੈਕਿੰਗ ਦੌਰਾਨ ਹਵਾਲਾਤੀ ਨਛੱਤਰ ਸਿੰਘ ਉਰਫ਼ ਸ਼ੱਤੀ ਪੁੱਤਰ ਅਵਤਾਰ ਸਿੰਘ ਵਾਸੀ ਦੁਨੇ ਕੇ ਮੋਗਾ ਅਤੇ ਕ੍ਰਿਸ਼ਨ ਕੁਮਾਰ ਪੁੱਤਰ ਦੀਪਕ ਕੁਮਾਰ ਵਾਸੀ ਕੋਟਕਪੂਰਾ ਤੋਂ ਇੱਕ-ਇੱਕ ਟੱਚ ਸਕਰੀਨ ਮੋਬਾਇਲ ਫੋਨ ਬਰਾਮਦ ਹੋਇਆ ਅਤੇ ਮਿਤੀ 29-12-2025 ਚੈਕਿੰਗ ਦੌਰਾਨ ਹਵਾਲਾਤੀ ਬਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਮਮਦੋਟ ਤੋਂ ਵੀ ਇੱਕ ਟੱਚ ਸਕਰੀਨ ਮੋਬਾਇਲ ਫੋਨ ਬਰਾਮਦ ਕੀਤਾ ਗਿਆ।
ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਵੱਲੋਂ ਮਿਲੀ ਸੂਚਨਾ ਦੇ ਆਧਾਰ ‘ਤੇ ਥਾਣਾ ਸਿਟੀ ਫਿਰਜੋਜ਼ਪੁਰ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਗੈਰਕਾਨੂੰਨੀ ਵਰਤੋਂ ਦਾ ਮਸਲਾ ਹੈਰਾਨੀਜਨਕ ਅੰਕੜਿਆਂ ਰਾਹੀਂ ਵੀ ਸਾਹਮਣੇ ਆਉਂਦਾ ਹੈ। ਅਧਿਐਨ ਮੁਤਾਬਕ ਪਿਛਲੇ ਸਾਲਾਂ ਦੌਰਾਨ ਮੋਬਾਈਲ ਫੋਨਾਂ ਦੀ ਬਰਾਮਦਗੀ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ। ਸਾਲ 2019 ਵਿੱਚ 70 ਮੋਬਾਈਲ ਫੋਨ ਬਰਾਮਦ ਹੋਏ, 2020 ਵਿੱਚ 130, 2021 ਵਿੱਚ 265, 2022 ਵਿੱਚ 437, 2023 ਵਿੱਚ 469 ਅਤੇ 2024 ਵਿੱਚ ਲਗਭਗ 500 ਮੋਬਾਈਲ ਫੋਨ ਬਰਾਮਦ ਕੀਤੇ ਗਏ। ਜਦਕਿ ਮੌਜੂਦਾ ਸਾਲ ਦੌਰਾਨ ਹੁਣ ਤੱਕ ਕਰੀਬ 649 ਤੋਂ ਵੱਧ ਮੋਬਾਈਲ ਫੋਨ ਬਰਾਮਦ ਹੋ ਚੁੱਕੇ ਹਨ।
ਸਰਕਾਰ ਵੱਲੋਂ ਹਾਲ ਹੀ ਵਿੱਚ ਮਨਜ਼ੂਰ ਕੀਤੇ ਗਏ ਇੱਕ ਨਵੇਂ ਪ੍ਰੋਜੈਕਟ ਤਹਿਤ ਜੇਲ੍ਹਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਆਧੁਨਿਕ ਸੁਰੱਖਿਆ ਉਪਕਰਨ ਖਰੀਦੇ ਜਾ ਰਹੇ ਹਨ । ਇਸ ਪ੍ਰੋਜੈਕਟ ‘ਤੇ ਲਗਭਗ 126 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਵਿੱਚ ਏਆਈ ਆਧਾਰਿਤ ਸੀਸੀਟੀਵੀ ਸਿਸਟਮ, ਐਕਸ-ਰੇ ਬੈਗੇਜ ਸਕੈਨਰ ਅਤੇ ਜੇਲ੍ਹ ਕਰਮਚਾਰੀਆਂ ਲਈ ਬਾਡੀ-ਵੋਰਨ ਕੈਮਰੇ ਸ਼ਾਮਲ ਹਨ। ਇਸਦੇ ਨਾਲ ਹੀ, ਪੰਜਾਬ ਦੇ 13 ਸੰਵੇਦਨਸ਼ੀਲ ਜੇਲ੍ਹਾਂ ਵਿੱਚ ਉੱਚ ਸਮਰੱਥਾ ਵਾਲੇ ਜੈਮਰ ਵੀ ਲਗਾਏ ਜਾ ਰਹੇ ਹਨ, ਤਾਂ ਜੋ ਮੋਬਾਈਲ ਫੋਨਾਂ ਦੀ ਵਰਤੋਂ ‘ਤੇ ਰੋਕ ਲਗਾਈ ਜਾ ਸਕੇ। ਜਿਵੇਂ-ਜਿਵੇਂ ਨਵਾਂ ਸਾਲ ਨੇੜੇ ਆ ਰਿਹਾ ਹੈ, ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਪ੍ਰਭਾਵਸ਼ਾਲੀ ਸੁਰੱਖਿਆ ਉਪਕਰਨਾਂ ਦੀ ਸਖ਼ਤ ਜ਼ਰੂਰਤ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ।
