ਫਿਰੋਜ਼ਪੁਰ ਵਿੱਚ ANTF ਦੀ ਵੱਡੀ ਕਾਰਵਾਈ: ਕਰੋੜਾਂ ਦੀ ਹੈਰੋਇਨ, ਅਸਲਾ ਅਤੇ ਡਰੱਗ ਮਨੀ ਸਮੇਤ 2 ਆਰੋਪੀ ਗ੍ਰਿਫ਼ਤਾਰ
ਫਿਰੋਜ਼ਪੁਰ 17 ਮਾਰਚ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ANTF ਫਿਰੋਜ਼ਪੁਰ ਰੇਂਜ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸਬਜ਼ੀ ਮੰਡੀ ਫਿਰੋਜ਼ਪੁਰ ਸ਼ਹਿਰ ਦੇ ਨੇੜੇ ਛਾਪੇਮਾਰੀ ਕਰਕੇ ਦੋ ਆਰੋਪੀਆਂ ਨੂੰ ਕਾਬੂ ਕੀਤਾ ਹੈ।
ਇਹ ਕਾਰਵਾਈ AIG ਗੁਰਿੰਦਰਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ DSP ਪ੍ਰਿਥੀਪਾਲ ਸਿੰਘ PPS ਦੀ ਰਹਿਨੁਮਾਈ ਹੇਠ ਕੀਤੀ ਗਈ। ਛਾਪੇਮਾਰੀ ਦੌਰਾਨ ਪੁਲਿਸ ਨੇ ਆਰੋਪੀਆਂ ਕੋਲੋਂ 5 ਕਿਲੋ 710 ਗ੍ਰਾਮ ਹੈਰੋਇਨ, 16 ਲੱਖ 90 ਹਜ਼ਾਰ ਰੁਪਏ ਡਰੱਗ ਮਨੀ, 2 ਪਿਸਟਲ (30 ਬੋਰ) ਅਤੇ 10 ਰੌਂਦ ਬਰਾਮਦ ਕੀਤੇ ਹਨ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਸਬਜ਼ੀ ਮੰਡੀ ਫਿਰੋਜ਼ਪੁਰ ਦੇ ਇਲਾਕੇ ਵਿੱਚ ਨਸ਼ਾ ਖਰੀਦਣ-ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ। ਇਸ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ANTF ਦੀ ਟੀਮ ਨੇ ਮੌਕੇ ‘ਤੇ ਛਾਪਾ ਮਾਰ ਕੇ ਦੋਹਾਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੋਰੀ ਪੁੱਤਰ ਹਰਦੇਵ ਸਿੰਘ ਅਤੇ ਸਿਕੰਦਰ ਸਿੰਘ ਉਰਫ਼ ਕਾਲੀ ਪੁੱਤਰ ਪੱਪੂ ਸਿੰਘ, ਵਾਸੀ ਨਿਆਲਾ ਕਿਲਚਾ ਮਮਦੋਟ ਵਜੋਂ ਹੋਈ ਹੈ।
ਇਸ ਮਾਮਲੇ ਸਬੰਧੀ ANTF ਮੋਹਾਲੀ ਵਿੱਚ ਆਰੋਪੀਆਂ ਖ਼ਿਲਾਫ਼ FIR 59 ਮਿਤੀ 16/3/26 ਤਹਿਤ NDPS ਐਕਟ ਦੀਆਂ ਧਾਰਾਵਾਂ 21, 23, 27A ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਵਿੱਚ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।
