ਡਰੋਨ ਰਾਹੀਂ ਤਸਕਰੀ ਅਤੇ ਹੈਰੋਇਨ ਸਮੇਤ ਹਥਿਆਰ ਬਰਾਮਦ – ਪੁਲਿਸ ਅਤੇ ਬੀਐਸਐਫ ਦੀ ਸਾਂਝੀ ਕਾਰਵਾਈ
- 3 Views
- kakkar.news
- April 29, 2026
- Crime Punjab
ਡਰੋਨ ਰਾਹੀਂ ਤਸਕਰੀ ਅਤੇ ਹੈਰੋਇਨ ਸਮੇਤ ਹਥਿਆਰ ਬਰਾਮਦ – ਪੁਲਿਸ ਅਤੇ ਬੀਐਸਐਫ ਦੀ ਸਾਂਝੀ ਕਾਰਵਾਈ
ਫਿਰੋਜ਼ਪੁਰ 29 ਅਪ੍ਰੈਲ 2026 (ਅਨੁਜ ਕੱਕੜ ਟੀਨੂੰ )
ਥਾਨਾ ਸਿਟੀ ਅਤੇ ਥਾਨਾ ਸਦਰ ਇਲਾਕੇ ਵਿੱਚ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੁਖਬਰ ਦੀ ਸੂਚਨਾ ‘ਤੇ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ।
ਪੁਲਿਸ ਅਨੁਸਾਰ, ਗਸ਼ਤ ਦੌਰਾਨ ਜਦੋਂ ਟੀਮ ਦੁਲਚੀ ਦੇ ਭੱਠੇ ਨੇੜੇ ਪੁੱਜੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਕੁਲਵਿੰਦਰ ਸਿੰਘ ਪੁੱਤਰ ਤਾਰ ਸਿੰਘ ਵਾਸੀ ਗੋਰਸੀਆਂ ਖਾਨ ਮੁਹੰਮਦ ਹਾਲ ਪਿੰਡ ਕਿਲਚੇ ਅਤੇ ਸੁਖਨੰਦਨ ਪੁੱਤਰ ਅਵਤਾਰ ਵਾਸੀ ਪਿੰਡ ਕਿਲਚੇ ਦੁਲਚੀ ਤੋਂ ਕੁਝ ਅੱਗੇ ਬਣੇ ਬੰਨ ‘ਤੇ ਮੋਟਰਸਾਈਕਲ ‘ਤੇ ਖੜੇ ਹੋ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਉਨ੍ਹਾਂ ਕੋਲ ਵੱਡੀ ਮਾਤਰਾ ਵਿੱਚ ਹੈਰੋਇਨ ਮੌਜੂਦ ਹੈ। ਇਸ ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੌਕੇ ‘ਤੇ ਛਾਪੇਮਾਰੀ ਕੀਤੀ।
ਕਾਰਵਾਈ ਦੌਰਾਨ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ 2 ਕਿਲੋ 675 ਗ੍ਰਾਮ ਹੈਰੋਇਨ, 1 ਮੋਟਰਸਾਈਕਲ, 2 ਮੋਬਾਇਲ ਫੋਨ ਅਤੇ 2 ਸਿਮ ਕਾਰਡ ਬਰਾਮਦ ਕੀਤੇ। ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਤੋਂ ਇਲਾਵਾ, ਬੀਐਸਐਫ ਵੱਲੋਂ ਮਿਲੀ ਸੂਚਨਾ ਦੇ ਆਧਾਰ ‘ਤੇ ਪਿੰਡ ਹਬੀਬਵਾਲਾ ਦੇ ਖੇਤਾਂ ਵਿੱਚ ਡਰੋਨ ਗਤੀਵਿਧੀ ਦੇਖੀ ਗਈ। ਇਸ ‘ਤੇ ਪੁਲਿਸ ਅਤੇ ਬੀਐਸਐਫ ਨੇ ਸਾਂਝਾ ਅਪਰੇਸ਼ਨ ਚਲਾਇਆ। ਤਲਾਸ਼ੀ ਦੌਰਾਨ ਇੱਕ ਪਿਸਤੌਲ, 4 ਜਿੰਦਾ ਕਾਰਤੂਸ ਅਤੇ ਇੱਕ ਮੈਗਜ਼ੀਨ ਬਰਾਮਦ ਹੋਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਤਸਕਰੀ ਜਾਲ ਨਾਲ ਜੁੜੇ ਹੋਰ ਲੋਕਾਂ ਦੀ ਭਾਲ ਜਾਰੀ ਹੈ।
