ਫਿਰੋਜ਼ਪੁਰ ਫਾਜ਼ਲਕਾ ਰੋਡ ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਚਾਲਕ ਦੀ ਮੌਕੇ ਤੇ ਸੜ ਕੇ ਹੋਈ ਮੌਤ
- 41 Views
- kakkar.news
- April 30, 2026
- Punjab
ਫਿਰੋਜ਼ਪੁਰ ਫਾਜ਼ਲਕਾ ਰੋਡ ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਚਾਲਕ ਦੀ ਮੌਕੇ ਤੇ ਸੜ ਕੇ ਹੋਈ ਮੌਤ
ਫਿਰੋਜ਼ਪੁਰ 30 ਅਪ੍ਰੈਲ 2026( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ-ਫਾਜ਼ਲਕਾ ਰੋਡ ‘ਤੇ ਤੜਕਸਾਰ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ ਸਾਢੇ ਤਿੰਨ ਤੋਂ ਚਾਰ ਵਜੇ ਦੇ ਵਿਚਕਾਰ ਹੋਇਆ, ਜਦੋਂ ਦੋ ਟਰੱਕਾਂ ਦੀ ਆਹਮਣੇ ਸਾਹਮਣੇ ਦੀ ਭਿਆਨਕ ਟੱਕਰ ਹੋ ਗਈ ਅਤੇ ਇਕ ਟਰੱਕ ਨੂੰ ਅੱਗ ਲੱਗ ਗਈ। ਅੱਗ ਇਨੀ ਭਿਆਨਕ ਸੀ ਕਿ ਲਪਟਾਂ ਕਰੀਬ 20 ਫੁੱਟ ਉੱਚੀਆਂ ਚੜ੍ਹ ਗਈਆਂ।
ਟੱਕਰ ਇਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਆਸ-ਪਾਸ ਦੇ ਪਿੰਡਾਂ ਤੱਕ ਸੁਣੀ ਗਈ। ਧਮਾਕੇ ਵਰਗੀ ਆਵਾਜ਼ ਸੁਣਕੇ ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕੀਤਾ। ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਦੋ ਤੋਂ ਤਿੰਨ ਜਖ਼ਮੀਆਂ ਨੂੰ ਟਰੱਕਾਂ ਵਿਚੋਂ ਬਾਹਰ ਕੱਢ ਲਿਆ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਪਰੰਤੂ ਅੱਗ ਇਨੀ ਤੇਜ਼ ਫੈਲ ਚੁੱਕੀ ਸੀ ਕਿ ਟਰੱਕ ਡਰਾਈਵਰ ਨੂੰ ਬਚਾਇਆ ਨਾ ਜਾ ਸਕਿਆ। ਉਹ ਅੱਗ ਦੀਆਂ ਲਪਟਾਂ ਵਿੱਚ ਫਸ ਕੇ ਜ਼ਿੰਦਾ ਸੜ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਸੂਚਨਾ ਮਿਲਣ ‘ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਜਾਣਕਾਰੀ ਮੁਤਾਬਕ, ਇੱਕ ਟਰੱਕ ਵਿੱਚ ਸੈਨੀਟਰੀ ਦਾ ਸਮਾਨ ਜਿਵੇਂ ਕਿ ਟੋਇਲਟ ਸੀਟਾਂ ਅਤੇ ਪਾਈਪਾਂ ਲੋਡ ਸਨ, ਜਦਕਿ ਦੂਜੇ ਟਰੱਕ ਵਿੱਚ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਪਲਾਸਟਿਕ ਲਿਫਾਫਿਆਂ ਦਾ ਸਮਾਨ ਸੀ। ਇਸ ਹਾਦਸੇ ਵਿੱਚ ਦੋਹਾਂ ਟਰੱਕਾਂ ਵਿੱਚ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
