ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇ 5ਵਿੱਚ ਭਿਆਨਕ ਅੱਗ, ਕਈ ਪਰਿਵਾਰ ਬੇਘਰ
- 25 Views
- kakkar.news
- May 2, 2026
- Punjab
ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇ 5ਵਿੱਚ ਭਿਆਨਕ ਅੱਗ, ਕਈ ਪਰਿਵਾਰ ਬੇਘਰ
ਫਿਰੋਜ਼ਪੁਰ 2 ਮਈ 2026 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇ ਸਫੈਦਿਆਂ ਵਾਲੀ ਬਸਤੀ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਅਚਾਨਕ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਨੇੜਲੇ ਖੇਤਾਂ ਵਿੱਚ ਕਿਸਾਨ ਵੱਲੋਂ ਖੜ੍ਹੇ ਨਾੜ ਨੂੰ ਅੱਗ ਲਗਾਈ ਗਈ ਸੀ, ਪਰ ਤੇਜ਼ ਹਵਾ ਕਾਰਨ ਅੱਗ ਫੈਲਦੀ ਹੋਈ ਝੁੱਗੀਆਂ ਤੱਕ ਪਹੁੰਚ ਗਈ।
ਅੱਗ ਨੇ ਵੇਖਦੇ ਹੀ ਵੇਖਦੇ ਕਰੀਬ 4 ਤੋਂ 5 ਝੁੱਗੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਨਾਲ ਇਲਾਕੇ ਵਿੱਚ ਅਫਰਾ-ਤਫਰੀ ਦਾ ਮਾਹੌਲ ਬਣ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਝੁੱਗੀਆਂ ਤੋਂ ਬਾਹਰ ਨਿਕਲਣ ਲੱਗੇ।
ਇਸ ਦੌਰਾਨ ਇੱਕ ਬਜ਼ੁਰਗ ਵਿਅਕਤੀ ਜੋ ਝੁੱਗੀ ਦੇ ਅੰਦਰ ਰੋਟੀ ਖਾ ਰਿਹਾ ਸੀ, ਅੱਗ ਵਿੱਚ ਫਸ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਬਹੁਤ ਮੁਸ਼ਕਿਲ ਨਾਲ ਉਸਨੂੰ ਸੁਰੱਖਿਅਤ ਬਾਹਰ ਕੱਢਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। ਇਲਾਕੇ ਵਿੱਚ ਕਰੀਬ 30 ਤੋਂ 40 ਝੁੱਗੀਆਂ ਮੌਜੂਦ ਹਨ, ਪਰ ਸਮੇਂ ਸਿਰ ਅੱਗ ‘ਤੇ ਕਾਬੂ ਪਾ ਲਿਆਂ ਹੋਰ ਵੱਡਾ ਨੁਕਸਾਨ ਹੋਣ ਤੋਂ ਬਚਾਵ ਹੋ ਗਿਆ।
ਝੁੱਗੀ ਵਾਸੀਆਂ ਨੇ ਦੱਸਿਆ ਕਿ ਅੱਗ ਕਾਰਨ ਉਹਨਾਂ ਦਾ ਕਾਫੀ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਉੱਥੇ ਹੀ ਕਿਸਾਨ ਨੇ ਵੀ ਮੰਨਿਆ ਕਿ ਅੱਗ ਉਸ ਵੱਲੋਂ ਖੇਤ ਵਿੱਚ ਲਗਾਈ ਗਈ ਸੀ, ਪਰ ਇਹ ਘਟਨਾ ਅਣਜਾਣੇ ਵਿੱਚ ਤੇਜ਼ ਹਵਾ ਕਾਰਨ ਵਾਪਰੀ ਹੈ।
ਫਿਲਹਾਲ ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਦੀ ਮਦਦ ਲਈ ਕਦਮ ਚੁੱਕੇ ਜਾ ਰਹੇ ਹਨ।
