ਫਿਰੋਜ਼ਪੁਰ ਮੰਡੀਆਂ ‘ਚ ਮੀਂਹ ਦਾ ਕਹਿਰ, ਕਣਕ ਦੀਆਂ ਬੋਰੀਆਂ ਪਾਣੀ ‘ਚ ਡੁੱਬੀਆਂ
- 15 Views
- kakkar.news
- May 3, 2026
- Punjab
ਫਿਰੋਜ਼ਪੁਰ ਮੰਡੀਆਂ ‘ਚ ਮੀਂਹ ਦਾ ਕਹਿਰ, ਕਣਕ ਦੀਆਂ ਬੋਰੀਆਂ ਪਾਣੀ ‘ਚ ਡੁੱਬੀਆਂ
ਫਿਰੋਜ਼ਪੁਰ, 3 ਮਈ 2026 ( ਅਨੁਜ ਕੱਕੜ ਟੀਨੂੰ )
ਅੱਜ ਤੜਕਸਾਰ ਹੋਈ ਬਾਰਿਸ਼ ਨੇ ਫਿਰੋਜ਼ਪੁਰ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਖਰੀਦ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ। ਖੁੱਲੇ ਅਸਮਾਨ ਹੇਠਾਂ ਪਈਆਂ ਕਣਕ ਦੀਆਂ ਹਜ਼ਾਰਾਂ ਬੋਰੀਆਂ ਬਾਰਿਸ਼ ਦੇ ਪਾਣੀ ਨਾਲ ਭਿੱਜ ਗਈਆਂ, ਜਿਸ ਨਾਲ ਸਰਕਾਰ ਵੱਲੋਂ ਖਰੀਦੀ ਗਈ ਕਰੋੜਾਂ ਰੁਪਏ ਦੀ ਫਸਲ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਬਣ ਗਿਆ ਹੈ।
ਮੰਡੀ ਵਿੱਚੋਂ ਮਿਲੀਆਂ ਤਸਵੀਰਾਂ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਣਕ ਦੀਆਂ ਬੋਰੀਆਂ ਬਿਨਾਂ ਕਿਸੇ ਢਕਣ ਦੇ ਖੁੱਲ੍ਹੇ ਵਿੱਚ ਪਈਆਂ ਰਹੀਆਂ ਅਤੇ ਮੀਂਹ ਦਾ ਪਾਣੀ ਸਿੱਧਾ ਉਹਨਾਂ ਵਿੱਚ ਵੜਦਾ ਰਿਹਾ। ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਦੌਰਾਨ ਨਾ ਤਾਂ ਕੋਈ ਅਧਿਕਾਰੀ ਅਤੇ ਨਾ ਹੀ ਕੋਈ ਕਰਮਚਾਰੀ ਮੌਕੇ ‘ਤੇ ਪਹੁੰਚਿਆ, ਜਿਸ ਨਾਲ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜੇ ਹੋ ਰਹੇ ਹਨ।
ਮੰਡੀ ਵਿੱਚ ਕੰਮ ਕਰ ਰਹੇ ਮਜ਼ਦੂਰ ਮੰਗਤ ਰਾਮ ਦੇ ਮੁਤਾਬਕ, “ਖਰੀਦ ਤਾਂ ਹੋ ਗਈ ਹੈ ਪਰ ਕਣਕ ਨੂੰ ਬਚਾਉਣ ਲਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਕੁਝ ਆੜਤੀਆਂ ਨੇ ਆਪਣੀ ਤਰਫੋਂ ਤਰਪਾਲਾਂ ਲਗਾਈਆਂ, ਪਰ ਇਹ ਇੰਨੀ ਵੱਡੀ ਮਾਤਰਾ ਲਈ ਕਾਫੀ ਨਹੀਂ ਸਨ।”
ਦੂਜੇ ਪਾਸੇ, ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ ਹੁਣ ਤੱਕ ਫਿਰੋਜ਼ਪੁਰ ਦੀਆਂ ਮੰਡੀਆਂ ਵਿੱਚ 7,83,616 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿੱਚੋਂ 7,57,572 ਮੀਟਰਕ ਟਨ (ਲਗਭਗ 97%) ਦੀ ਖਰੀਦ ਕੀਤੀ ਜਾ ਚੁੱਕੀ ਹੈ। ਵੱਖ-ਵੱਖ ਏਜੰਸੀਆਂ ਵਿੱਚ ਪਨਗ੍ਰੇਨ ਵੱਲੋਂ 2,34,913 ਮੀਟਰਕ ਟਨ, ਮਾਰਕਫੈੱਡ ਵੱਲੋਂ 2,02,498 ਮੀਟਰਕ ਟਨ, ਪਨਸਪ ਵੱਲੋਂ 1,95,294 ਮੀਟਰਕ ਟਨ ਅਤੇ ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 1,24,867 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।
ਹਾਲਾਂਕਿ, ਕੁੱਲ ਖਰੀਦ ਵਿੱਚੋਂ ਕੇਵਲ 3,68,237 ਮੀਟਰਕ ਟਨ (52%) ਕਣਕ ਦੀ ਹੀ ਲਿਫਟਿੰਗ ਹੋ ਸਕੀ ਹੈ, ਜਦਕਿ ਕਰੀਬ 48% ਕਣਕ ਅਜੇ ਵੀ ਮੰਡੀਆਂ ਵਿੱਚ ਪਈ ਹੈ। ਇਹੀ ਕਣਕ ਬਾਰਿਸ਼ ਵਿੱਚ ਭਿੱਜਦੀ ਰਹੀ, ਜਿਸ ਨਾਲ ਸਰਕਾਰੀ ਲਾਪਰਵਾਹੀ ਦੇ ਦੋਸ਼ ਲੱਗ ਰਹੇ ਹਨ।
ਹੁਣ ਸਵਾਲ ਇਹ ਹੈ ਕਿ ਇਸ ਅਣਗਹਿਲੀ ਲਈ ਜਿੰਮੇਵਾਰ ਕੌਣ ਹੈ? ਕੀ ਕਿਸੇ ਉੱਤੇ ਕਾਰਵਾਈ ਹੋਵੇਗੀ ਜਾਂ ਹਰ ਸਾਲ ਵਾਂਗ ਇਸ ਵਾਰੀ ਵੀ ਕਰੋੜਾਂ ਰੁਪਏ ਦਾ ਅਨਾਜ ਇਸੇ ਤਰ੍ਹਾਂ ਬਰਬਾਦ ਹੋਵੇਗਾ? ਇਹ ਸਵਾਲ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨ ਦੇ ਸਾਹਮਣੇ ਖੜੇ ਹਨ।
