ਸਖਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਹੀ ਸਫ਼ਲਤਾ ਸੰਭਵ – ਦੀਪਸ਼ਿਖਾ ਸ਼ਰਮਾ
- 30 Views
- kakkar.news
- June 17, 2026
- Education Punjab
ਸਖਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਹੀ ਸਫ਼ਲਤਾ ਸੰਭਵ – ਦੀਪਸ਼ਿਖਾ ਸ਼ਰਮਾ
ਫ਼ਿਰੋਜ਼ਪੁਰ, 17 ਜੂਨ 2026 (ਅਨੁਜ ਕੱਕੜ ਟੀਨੂੰ)
ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ (ਆਈ.ਏ.ਐਸ.) ਵੱਲੋਂ ਜ਼ਿਲ੍ਹੇ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਜਸ਼ਨਦੀਪ ਕੌਰ ਅਤੇ ਅਨਮੋਲਪ੍ਰੀਤ ਕੌਰ ਦੀਆਂ ਸਿਖਿਆ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ‘ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਇਨ੍ਹਾਂ ਵਿਦਿਆਰਥਣਾਂ ਦੀ ਹੌਸਲਾ ਅਫਜਾਈ ਵਾਸਤੇ ਇਹਨਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਸਤਿੰਦਰ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਪਣੇ ਪ੍ਰੇਰਨਾਦਾਇਕ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵੱਧਣ ਅਤੇ ਖ਼ੂਬ ਤਰੱਕੀ ਕਰਨ ਦੀ ਪ੍ਰੇਰਨਾ ਦਿੰਦਿਆਂ ਸਖਤ ਮਿਹਨਤ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਜ਼ਿੰਦਗੀ ਵਿੱਚ ਸਕਾਰਾਤਮਕ ਸੋਚ ਅਪਣਾਉਣ ਅਤੇ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਦੀ ਵਿਦਿਆਰਥਣ ਜਸ਼ਨਦੀਪ ਕੌਰ ਪੁੱਤਰੀ ਕਰਮਪਾਲ ਸਿੰਘ ਨੇ ਜੇ.ਈ.ਈ. ਮੇਨਜ਼ ਅਤੇ ਜੇ.ਈ.ਈ. ਐਡਵਾਂਸਡ ਪ੍ਰੀਖਿਆਵਾਂ ਸਫਲਤਾਪੂਰਵਕ ਪਾਸ ਕਰਕੇ ਭਾਰਤੀ ਤਕਨਾਲੋਜੀ ਸੰਸਥਾਨ (ਆਈ.ਆਈ.ਟੀ.) ਦਿੱਲੀ ਵਿੱਚ ਦਾਖਲਾ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਨਾਲ ਸਕੂਲ, ਪਰਿਵਾਰ ਅਤੇ ਪੂਰੇ ਜ਼ਿਲ੍ਹੇ ਦਾ ਮਾਣ ਵਧਿਆ ਹੈ।
ਇਸੇ ਤਰ੍ਹਾਂ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜ਼ੀਰਾ ਦੀ ਵਿਦਿਆਰਥਣ ਅਨਮੋਲਪ੍ਰੀਤ ਕੌਰ, ਜੋ ਇਸ ਸਮੇਂ ਬਾਰ੍ਹਵੀਂ ਜਮਾਤ (ਸਾਇੰਸ ਸਟਰੀਮ) ਦੀ ਵਿਦਿਆਰਥਣ ਹੈ, ਨੇ ਆਪਣੀ ਵਿਲੱਖਣ ਅਕਾਦਮਿਕ ਯੋਗਤਾ ਨਾਲ ਲਗਾਤਾਰ ਨਵੀਆਂ ਕਾਮਯਾਬੀਆਂ ਪ੍ਰਾਪਤ ਕੀਤੀਆਂ ਹਨ, ਇਸ ਨੇ ਅੱਠਵੀਂ ਜਮਾਤ ਦੀ ਮੈਰਿਟ ਸੂਚੀ, ਦਸਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕੀਤਾ ਸੀ। ਇਸ ਤੋਂ ਇਲਾਵਾ, ਉਸਨੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ (ਐਨ.ਐਮ.ਐਮ.ਐਸ.) ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚ ਦੂਜਾ ਅਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਅਨਮੋਲਪ੍ਰੀਤ ਦੀਆਂ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਉਸਦੀ ਚੋਣ ਜਾਪਾਨ ਦੇ ਸਾਕੂਰਾ ਹਾਈ ਸਕੂਲ ਪ੍ਰੋਗਰਾਮ ਲਈ ਕੀਤੀ ਗਈ। ਇਸ ਤਹਿਤ ਉਹ 24 ਮਈ ਤੋਂ 31 ਮਈ ਤੱਕ ਜਾਪਾਨ ਵਿੱਚ ਆਯੋਜਿਤ ਗਿਆਨ ਵਟਾਂਦਰਾ (ਨਾਲੇਜ ਐਕਸਚੇਂਜ) ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਵਾਪਸ ਪਰਤੀ ਹੈ, ਇਸ ਵਿਲੱਖਣ ਪ੍ਰਾਪਤੀ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਲਗਾਤਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਾਪਤੀਆਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਸਰੋਤ ਬਣਦੀਆਂ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀ ਗੁਣਵੱਤਾਪੂਰਨ ਸਿੱਖਿਆ ਦਾ ਪ੍ਰਮਾਣ ਹਨ।
ਸਨਮਾਨ ਸਮਾਰੋਹ ਦੌਰਾਨ ਪ੍ਰਿੰਸੀਪਲ ਰਾਕੇਸ਼ ਸ਼ਰਮਾ ਡੀਐਸਐਮ, ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੱਠਾ ਕਿਸ਼ਨ ਸਿੰਘ ਹਿਤਪਾਲ ਸਿੰਘ, ਗਾਈਡ ਅਧਿਆਪਕ ਗੁਰਸੇਵਕ ਸਿੰਘ ਸਾਇੰਸ ਮਾਸਟਰ, ਬੀਆਰਸੀ ਗੁਰਪ੍ਰੀਤ ਸਿੰਘ, ਬੀਆਰਸੀ ਗੁਰਦੇਵ ਸਿੰਘ, ਬੀਆਰਸੀ ਸੰਦੀਪ ਕੁਮਾਰ, ਸਟੈਨੋ ਸੁਖਚੈਨ ਸਿੰਘ ਆਦਿ ਵੀ ਹਾਜ਼ਰ ਸਨ।
