ਫਿਰੋਜ਼ਪੁਰ ‘ਚ ਵੱਡੀ ਆਤੰਕੀ ਸਾਜ਼ਿਸ਼ ਨਾਕਾਮ, ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਮੈਂਬਰ ਅਸਲੇ ਸਮੇਤ ਗ੍ਰਿਫਤਾਰ
- 340 Views
- kakkar.news
- August 14, 2025
- Crime Punjab
ਫਿਰੋਜ਼ਪੁਰ ‘ਚ ਵੱਡੀ ਆਤੰਕੀ ਸਾਜ਼ਿਸ਼ ਨਾਕਾਮ, ਬੱਬਰ ਖਾਲਸਾ ਇੰਟਰਨੈਸ਼ਨਲ ਦੇ 2 ਮੈਂਬਰ ਅਸਲੇ ਸਮੇਤ ਗ੍ਰਿਫਤਾਰ
ਫਿਰੋਜ਼ਪੁਰ 14 ਅਗਸਤ 2025 ( ਸਿਟੀਜ਼ਨਜ਼ ਵੋਇਸ )
ਆਜ਼ਾਦੀ ਦਿਵਸ ਮੌਕੇ ਸੁਰੱਖਿਆ ਪ੍ਰਬੰਧਾਂ ਨੂੰ ਮੱਦੇਨਜ਼ਰ ਰੱਖਦਿਆਂ ਕਾਊਂਟਰ ਇੰਟੈਲੀਜੈਂਸ (CI) ਫਿਰੋਜ਼ਪੁਰ ਦੀ ਟੀਮ ਨੇ ਤਲਵੰਡੀ ਭਾਈ ‘ਚ ਕਾਰਵਾਈ ਕਰਕੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਸੰਬੰਧਤ ਦੋ ਮੈਂਬਰਾਂ ਨੂੰ ਧਮਾਕਾਖੇਜ਼ ਸਮੱਗਰੀ ਅਤੇ ਨਜਾਇਜ਼ ਅਸਲਾ-ਐਮੁਨੀਸ਼ਨ ਸਮੇਤ ਕਾਬੂ ਕੀਤਾ।
ਮੁੱਖ ਅਫਸਰ ਥਾਣਾ ਐੱਸਐੱਸਓਸੀ ਫ਼ਾਜ਼ਿਲਕਾ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇੰਸਪੈਕਟਰ ਸਤਿੰਦਰਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਖੁਫੀਆ ਸੂਚਨਾ ਮਿਲੀ ਕਿ ਹਰਪ੍ਰੀਤ ਸਿੰਘ ਉਰਫ ਬੱਤੂ ਉਰਫ ਪ੍ਰੀਤ (ਨਿਵਾਸੀ ਪਿੰਡ ਭੁੱਲਰ, ਤਰਨ ਤਾਰਨ) ਅਤੇ ਗੁਲਸਨ ਸਿੰਘ ਉਰਫ ਨੰਦੂ (ਨਿਵਾਸੀ ਪਿੰਡ ਰਾਮਪੁਰਾ, ਅੰਮ੍ਰਿਤਸਰ) ਵਿਦੇਸ਼ਾਂ ਵਿੱਚ ਬੈਠੇ ਮਾੜੇ ਤੱਤਾਂ ਦੇ ਸੰਪਰਕ ਵਿੱਚ ਹਨ ਅਤੇ ਆਜ਼ਾਦੀ ਦਿਵਸ ਦੌਰਾਨ ਤਲਵੰਡੀ ਭਾਈ ਖੇਤਰ ਵਿੱਚ ਸਰਕਾਰੀ ਇਦਾਰਿਆਂ ‘ਤੇ ਗੋਲੀਬਾਰੀ ਅਤੇ ਧਮਾਕੇ ਕਰਕੇ ਖਲਲ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਨ।
ਪੁਲਿਸ ਨੇ ਤੁਰੰਤ ਰੇਡ ਕਰਕੇ ਦੋਨੋਂ ਦੋਸ਼ੀਆਂ ਨੂੰ ਤਲਵੰਡੀ ਭਾਈ ਚੌਕ ਨੇੜੇ ਬਰਾੜ ਪੈਲੇਸ ਤੋਂ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੇ ਕਬਜ਼ੇ ਤੋਂ ਧਮਾਕਾਖੇਜ਼ ਸਮੱਗਰੀ, ਦੋ 86ਪੀ ਹੈਂਡ ਗ੍ਰੇਨੇਡ, ਨਜਾਇਜ਼ ਅਸਲਾ ਅਤੇ ਐਮੁਨੀਸ਼ਨ ਬਰਾਮਦ ਕੀਤੇ ਗਏ।
ਮਾਮਲੇ ਵਿੱਚ ਹਥਿਆਰ ਐਕਟ ਦੀਆਂ ਧਾਰਾਵਾਂ 25, 54, 59 ਅਤੇ ਐਕਸਪਲੋਸਿਵ ਸਬਸਟੈਂਸਿਜ਼ ਐਕਟ 1908 ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਥਾਣਾ ਐੱਸਐੱਸਓਸੀ ਫ਼ਾਜ਼ਿਲਕਾ ‘ਚ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਦੋਸ਼ੀਆਂ ਨੂੰ ਰਿਮਾਂਡ ‘ਤੇ ਲੈ ਕੇ ਉਨ੍ਹਾਂ ਦੇ ਦੇਸ਼ ਅੰਦਰ ਅਤੇ ਵਿਦੇਸ਼ਾਂ ਵਿੱਚ ਸੰਪਰਕਾਂ ਦੀ ਜਾਂਚ ਕਰ ਰਹੀ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ, ਇਸ ਕਾਰਵਾਈ ਨਾਲ ਆਜ਼ਾਦੀ ਦਿਵਸ ਮੌਕੇ ਰਾਜ ਵਿੱਚ ਵੱਡੇ ਆਤੰਕੀ ਹਮਲੇ ਨੂੰ ਨਾਕਾਮ ਬਣਾਇਆ ਗਿਆ ਹੈ।



- October 15, 2025