– ਭਾਸ਼ਾ ਅਤੇ ਬੋਲੀ ਨੂੰ ਸਮਝਣ ਲਈ ਵਿਗਿਆਨਿਕ ਦ੍ਰਿਸ਼ਟੀਕੋਣ ਦੀ ਲੋੜ – ਡਾ. ਜਲੌਰ ਸਿੰਘ ਖੀਵਾ
- 87 Views
- kakkar.news
- February 22, 2024
- Education Punjab
– ਭਾਸ਼ਾ ਅਤੇ ਬੋਲੀ ਨੂੰ ਸਮਝਣ ਲਈ ਵਿਗਿਆਨਿਕ ਦ੍ਰਿਸ਼ਟੀਕੋਣ ਦੀ ਲੋੜ – ਡਾ. ਜਲੌਰ ਸਿੰਘ ਖੀਵਾ
ਗੁਰੂਹਰਸਹਾਏ (ਫ਼ਿਰੋਜ਼ਪੁਰ), 22 ਫ਼ਰਵਰੀ 2024: (ਸਿਟੀਜ਼ਨਜ਼ ਵੋਇਸ)
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਹੇਠ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਵੱਲੋਂ ਸ਼ਹੀਦ ਊਧਮ ਸਿੰਘ ਕਾਂਸਟੀਚਿਊਐਂਟ ਕਾਲਜ ਗੁਰੂਹਰਸਾਏ ਦੇ ਸਹਿਯੋਗ ਨਾਲ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਸਮਾਗਮ ‘ਮਾਂ ਬੋਲੀ: ਮਹੱਤਤਾ ਅਤੇ ਭਵਿੱਖ ਦੀ ਸਥਿਤੀ’ ਵਿਸ਼ੇ ‘ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਪ-ਮੰਡਲ ਮੈਜਿਸਟ੍ਰੇਟ ਗੁਰੂਹਰਸਹਾਏ ਸ. ਗਗਨਦੀਪ ਸਿੰਘ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਉੱਘੇ ਭਾਸ਼ਾ ਅਤੇ ਸੱਭਿਆਚਾਰ ਵਿਗਿਆਨੀ ਡਾ. ਜਲੌਰ ਸਿੰਘ ਖੀਵਾ ਨੇ ਕੀਤੀ। ਮੁੱਖ ਬੁਲਾਰੇ ਵਜੋਂ ਉੱਘੇ ਭਾਸ਼ਾ ਚਿੰਤਕ ਡਾ. ਸੇਵਕ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਉੱਪ-ਮੰਡਲ ਮੈਜਿਸਟ੍ਰੇਟ ਗੁਰੂਹਰਸਾਏ ਸ. ਗਗਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਬਹੁਤ ਹੀ ਸੁਹਿਰਦ ਯਤਨ ਕਰ ਰਹੀ ਹੈ ਅਤੇ ਸਾਨੂੰ ਸਾਰਿਆਂ ਨੂੰ ਦਿਲੋਂ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਪੰਜਾਬੀ ਭਾਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਪਹੁੰਚੇ ਹੋਏ ਬੁਲਾਰਿਆਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੁੰਦਿਆਂ ਹੋਇਆਂ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਸਮਾਗਮ ਮੇਰੇ ਲਈ ਬਹੁਤ ਮਹੱਤਵਪੂਰਨ ਸੀ ਕਿਉਂਕਿ ਮੈਨੂੰ ਮਾਂ ਬੋਲੀ ਬਾਰੇ ਬਹੁਤ ਸਾਰੀਆਂ ਨਵੀਆਂ ਧਾਰਨਾਵਾਂ ਸਮਝਣ ਦਾ ਮੌਕਾ ਮਿਲਿਆ।
ਕਾਲਜ ਦੇ ਪ੍ਰਿੰਸੀਪਲ ਡਾ. ਸੁਨੀਲ ਖੋਸਲਾ ਨੇ ਜ਼ਿਲ੍ਹਾ ਭਾਸ਼ਾ ਦਫ਼ਤਰ ਫ਼ਿਰੋਜ਼ਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਰਥਕ ਅਤੇ ਮੁੱਲਵਾਨ ਸਮਾਗਮ ਇਸ ਕਾਲਜ ਦੇ ਵਿਹੜੇ ਵਿੱਚ ਕਰਵਾਉਣਾ ਸਾਡੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਆਏ ਹੋਏ ਮਹਿਮਾਨਾਂ ਦਾ ਸਮਾਗਮ ਦੀ ਸ਼ੋਭਾ ਵਧਾਉਣ ਲਈ ਧੰਨਵਾਦ ਕੀਤਾ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਰੋਤਿਆਂ ਨੂੰ ‘ਜੀ ਆਇਆਂ’ ਆਖਦਿਆਂ ਕੌਮਾਂਤਰੀ ਮਾਤ ਭਾਸ਼ਾ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਤਿਹਾਸ ਵਿੱਚ ਅਜਿਹੀਆਂ ਘਟਨਾਵਾਂ ਵਿਰਲੀਆਂ ਹੀ ਮਿਲਦੀਆਂ ਹਨ ਜਦੋਂ ਲੋਕ ਆਪਣੀ ਮਾਤ ਭਾਸ਼ਾ ਲਈ ਸ਼ਹਾਦਤ ਦੇ ਦੇਣ ਅਤੇ ਉਨ੍ਹਾਂ ਨੇ ਢਾਕਾ (ਬੰਗਲਾ ਦੇਸ਼) ਵਿੱਚ ਮਾਤ ਭਾਸ਼ਾ ਲਈ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੂੰ ਨਮਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਖਾਸੀਅਤ ਹੈ ਕਿ ਇਸ ਵਿੱਚ ਕਿਸੇ ਵੀ ਭਾਸ਼ਾ ਦੇ ਸ਼ਬਦ ਆ ਸਕਦੇ ਹਨ ਜਿਸ ਕਰਕੇ ਇਸ ਭਾਸ਼ਾ ਦਾ ਭਵਿੱਖ ਬਹੁਤ ਸੁਨਹਿਰੀ ਹੈ। ਪੰਜਾਬੀ ਅਜਿਹੀ ਭਾਸ਼ਾ ਹੈ ਜਿਸ ਵਿੱਚ ਹਰੇਕ ਰਿਸ਼ਤੇ, ਸੰਕਲਪ ਜਾਂ ਵਰਤਾਰੇ ਲਈ ਇੱਕ ਵਿਸ਼ੇਸ਼ ਸ਼ਬਦ ਹੈ ਜਿਸ ਦਾ ਨਾਮ ਉਸ ਦੇ ਵਿਹਾਰਕ ਅਰਥਾਂ ਅਨੁਸਾਰ ਹੈ।
ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਸੇਵਕ ਸਿੰਘ ਨੇ ਕਈ ਮਹੱਤਵਪੂਰਨ ਸਥਾਪਨਾਵਾਂ ਅਤੇ ਟਿੱਪਣੀਆਂ ਦਿੰਦਿਆਂ ਹੋਇਆਂ ਅਧਿਆਤਮਿਕ ਦ੍ਰਿਸ਼ਟੀਕੋਣ ਤੋਂ ‘ਸ਼ਬਦ’ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ‘ਸ਼ਬਦ’ ਬ੍ਰਹਮ ਹੈ ਜਿਸ ਤੋਂ ਸਾਰੇ ਵਰਤਾਰੇ ਦੀ ਉਤਪਤੀ ਹੁੰਦੀ ਹੈ। ਵਿਆਕਰਨ ਨੂੰ ਵਿਆਪਕ ਅਰਥਾਂ ਵਿੱਚ ਸਮਝਦਿਆਂ ਉਹਨਾਂ ਕਿਹਾ ਕਿ ਸਮੁੱਚਾ ਵਰਤਾਰਾ ਹੀ ਇੱਕ ਵਿਆਕਰਨ ਵਿੱਚ ਬੱਝਿਆ ਹੈ ਜਿਸ ਵਿੱਚ ਭਾਸ਼ਾ, ਬੋਲੀ ਅਤੇ ਮਨੁੱਖ ਦਾ ਰਹਿਣ-ਸਹਿਣ, ਜੀਨ-ਥੀਣ ਆਉਂਦਾ ਹੈ। ਫਰਦੀਨਾਂ ਦ ਸੋਸਿਊਰ, ਲੁਡਵਿਗ ਵਿਟਜਨਸਟੇਨ ਅਤੇ ਬੈਂਜਾਮਿਨ ਵੋਰਫ ਲੀ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਭਾਸ਼ਾ ਅਤੇ ਬੋਲੀ ਨੂੰ ਸਮਝਣ ਲਈ ਇੱਕ ਦਾਰਸ਼ਨਿਕ ਸੂਝ ਹੋਣੀ ਚਾਹੀਦੀ ਹੈ ਪ੍ਰੰਤੂ ਬਹੁਤ ਸਾਰੇ ਚਿੰਤਕਾਂ ਨੇ ਇਸ ਦਾਰਸ਼ਨਿਕ ਸਮਝ ਨੂੰ ਇੱਕ ਮਸ਼ੀਨੀ ਪ੍ਰਕਿਰਿਆ ਅਨੁਸਾਰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਭਾਸ਼ਾ ਤੇ ਬੋਲੀ ਮਨੁੱਖੀ ਜੀਵਨ ਵਿਹਾਰ ਨਾਲ ਜੁੜੀ ਹੋਣ ਕਰਕੇ ਇਸ ਦੀ ਥਾਹ ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਹੀ ਪਾਈ ਜਾ ਸਕਦੀ ਹੈ। ਭਵਿੱਖ ਦੀ ਸਥਿਤੀ ਸੰਬੰਧੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ‘ਸ਼ਬਦ’ ਨਾਲੋਂ ‘ਦ੍ਰਿਸ਼’ ਵਧੇਰੇ ਵੱਡਾ ਹੋ ਰਿਹਾ ਹੈ ਜਦੋਂ ਕਿ ‘ਸ਼ਬਦ’ ਮੂਲ ਹੈ। ਇਸ ਦੀ ਸਮਝ ਬਿਨਾਂ ਅਸੀਂ ਕਿਸੇ ਵੀ ਵਰਤਾਰੇ ਨੂੰ ਸਹੀ ਅਰਥਾਂ ਵਿੱਚ ਨਹੀਂ ਸਮਝ ਸਕਦੇ।
ਉੱਘੇ ਭਾਸ਼ਾ ਤੇ ਸੱਭਿਆਚਾਰ ਵਿਗਿਆਨੀ ਡਾ. ਜਲੌਰ ਸਿੰਘ ਖੀਵਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਭਾਸ਼ਾ ਤੇ ਬੋਲੀ ਨੂੰ ਸਮਝਣ ਲਈ ਇੱਕ ਵਿਗਿਆਨਕ ਦ੍ਰਿਸ਼ਟੀ ਦੀ ਲੋੜ ਹੁੰਦੀ ਹੈ। ਅਸਲ ਵਿੱਚ ਭਾਸ਼ਾ ਅਤੇ ਬੋਲੀ ਦੇ ਸਿਰਜਕ ‘ਲੋਕ’ ਹੁੰਦੇ ਹਨ। ਸਾਨੂੰ ਆਪਣੀ ਮਾਤ ਭਾਸ਼ਾ ਵਿੱਚ ਗੱਲ ਕਰਦਿਆਂ ਹੀਣ ਭਾਵਨਾ ਮਹਿਸੂਸ ਨਹੀਂ ਕਰਨੀ ਚਾਹੀਦੀ ਅਤੇ ਕਿਸੇ ਵੀ ਸਦਮੇ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਖੁੱਲ ਕੇ ਆਪਣੇ ਸਵੈ ਦਾ ਪ੍ਰਗਟਾਵਾ ਆਪਣੀ ਮਾਤ ਭਾਸ਼ਾ ਵਿੱਚ ਕਰਨਾ ਚਾਹੀਦਾ ਹੈ। ਪੰਜਾਬੀ ਸੱਭਿਆਚਾਰ ਦੇ ਕਈ ਮਹੀਨ ਵਰਤਾਰਿਆਂ ਨੂੰ ਉਹਨਾਂ ਨੇ ਲੋਕ- ਬੋਲੀਆਂ ਅਤੇ ਲੋਕ-ਸਾਹਿਤ ਦੇ ਹਵਾਲੇ ਨਾਲ ਬਹੁਤ ਸਰਲ ਤਰੀਕੇ ਨਾਲ ਸਮਝਣ ਲਈ ਸੰਕੇਤਕ ਰੂਪ ਵਿੱਚ ਸੁਝਾਅ ਦਿੱਤੇ।
ਕਾਲਜ ਦੇ ਵਿਦਿਆਰਥੀਆਂ ਗਗਨਦੀਪ ਕੌਰ, ਸੋਨੀਆ,ਰਾਜਬੀਰ ਅਤੇ ਕੁਲਵਿੰਦਰ ਸਿੰਘ ਨੇ ਮਾਤ ਭਾਸ਼ਾ ਨਾਲ ਸੰਬੰਧਿਤ ਆਪਣੀਆਂ ਕਵਿਤਾਵਾਂ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅੰਗਰੇਜ਼ੀ ਵਿਸ਼ੇ ਦੇ ਅਧਿਆਪਕ ਪਰਮਿੰਦਰ ਸਿੰਘ ਨੇ ਭਾਸ਼ਾ ਵਿਭਾਗ ਤੇ ਇਸ ਉਪਰਾਲੇ ਦੀ ਸ਼ਲਾਘਾ ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਕਰਦਿਆਂ ਕਿਹਾ ਕਿ ਗੁਰੂਹਰਸਾਏ ਵਰਗੇ ਇਲਾਕੇ ਵਿੱਚ ਇਹ ਸਮਾਗਮ ਕਰਵਾਉਣਾ ਬਹੁਤ ਹੀ ਸਾਰਥਕ ਉਪਰਾਲਾ ਹੈ। ਮੰਚ ਸੰਚਾਲਨ ਸਹਾਇਕ ਪ੍ਰੋ. ਡਾ. ਗੁਰਦੀਪ ਸਿੰਘ ਨੇ ਬਾਖੂਬੀ ਕੀਤਾ। ਸਮਾਗਮ ਦੇ ਅੰਤ ‘ਤੇ ਧੰਨਵਾਦ ਕਰਦਿਆਂ ਖੋਜ ਅਫ਼ਸਰ ਸ. ਦਲਜੀਤ ਸਿੰਘ ਨੇ ਕਿਹਾ ਕਿ ਇਸ ਕਾਲਜ ਵਿੱਚ ਭਾਸ਼ਾ ਵਿਭਾਗ ਵੱਲੋਂ ਸਮਾਗਮ ਕਰਾਉਣ ਦਾ ਅਨੁਭਵ ਬਹੁਤ ਹੀ ਖੂਬਸੂਰਤ ਰਿਹਾ। ਉਨ੍ਹਾਂ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਕਾਲਜ ਵੱਲੋਂ ਅਜਿਹੇ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਣ ਲਈ ਸਹਿਯੋਗ ਮਿਲਦਾ ਰਹੇਗਾ। ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਵਿੱਚ ਸੀਨੀਅਰ ਸਹਾਇਕ ਰਮਨ ਕੁਮਾਰ, ਰਵੀ ਕੁਮਾਰ ਅਤੇ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ਼ ਤੋਂ ਇਲਾਵਾ ਗੁਰੂਹਰਸਾਏ ਇਲਾਕੇ ਦੇ ਅਕਾਦਮਿਕ, ਪ੍ਰਸ਼ਾਸਨ ਅਤੇ ਸਾਹਿਤਕ ਜਗਤ ਤੋਂ ਬਹੁਤ ਸਾਰੀਆਂ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024